ਕੈਨੇਡਾ – ਮੁੜ 4 ਫਰਵਰੀ ਨੂੰ ਅਧਿਆਪਕ ਕਰਨਗੇ ਸੂਬਾ ਪੱਧਰੀ ਹੜਤਾਲ

by mediateam

ਵੈੱਬ ਡੈਸਕ (Nri Media) : ਕੈਨੇਡਾ ਦੇ ਓਂਟਾਰੀਓ ਇੰਗਲਿਸ਼ ਕੈਥੋਲਿਕ ਟੀਚਰਜ਼ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਓਂਟਾਰੀਓ ਵਿੱਚ ਕੈਥੋਲਿਕ ਸਕੂਲਾਂ ਦੇ ਅਧਿਆਪਕ 4 ਫਰਵਰੀ ਨੂੰ ਦੂਜੀ ਇੱਕ ਰੋਜ਼ਾ ਸੂਬਾ ਪੱਧਰੀ ਹੜਤਾਲ ਕਰਨਗੇ। ਇਸ ਤੋਂ ਦੋ ਦਿਨ ਬਾਅਦ 6 ਫਰਵਰੀ ਨੂੰ ਉਨਟਾਰੀਓ ਦੇ ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਨਾਲ ਜੁੜੇ ਅਧਿਆਪਕਾਂ ਵੱਲੋਂ ਸੂਬਾ ਪੱਧਰੀ ਹੜਤਾਲ ਕੀਤੀ ਜਾਵੇਗੀ। 

ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਆਫ਼ ਓਂਟਾਰੀਓ ਦੇ ਅਧਿਆਪਕਾਂ ਦੀ ਯੂਨੀਅਨ ਵੱਲੋਂ ਅਗਲੇ ਹਫ਼ਤੇ ਹੋਰਨਾਂ ਦਰਜਨਾਂ ਸਕੂਲ ਬੋਰਡਾਂ ਵਿੱਚ ਵੀ ਬਦਲ-ਬਦਲ ਕੇ ਹੜਤਾਲ ਕੀਤੀ ਜਾਵੇਗੀ, ਜਿਨਾਂ ਵਿੱਚੋਂ ਇੱਕ ਹੜਤਾਲ ਦਾ ਅਸਰ 7 ਫਰਵਰੀ ਨੂੰ ਟੋਰਾਂਟੋ ਅਤੇ ਯਾਰਕ ਡਿਸਟ੍ਰਿਕਟ ਸਕੂਲ ਬੋਰਡਾਂ ਵਿੱਚ ਵੇਖਣ ਨੂੰ ਮਿਲੇਗਾ। 'ਓਂਟਾਰੀਓ ਇੰਗਲਿਸ਼ ਕੈਥੋਲਿਕ ਟੀਚਰਜ਼ ਐਸੋਸੀਏਸ਼ਨ' (ਓਈਸੀਟੀਏ) ਦੇ ਪ੍ਰਧਾਨ ਲਿਜ਼ ਸਟੁਅਰਟ ਨੇ ਹੜਤਾਲ ਦਾ ਐਲਾਨ ਕਰਦੇ ਹੋਏ ਕਿ ਅਸੀਂ ਸਰਕਾਰ ਨੂੰ ਨਾਦਰਸ਼ਾਹੀ ਫਰਮਾਨ ਆਪਣੇ 'ਤੇ ਥੋਪਣ ਨਹੀਂ ਦਿਆਂਗੇ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਲਗਾਤਾਰ ਜਾਰੀ ਰੱਖਾਂਗੇ।

ਦੱਸ ਦੇਈਏ ਕਿ 'ਓਂਟਾਰੀਓ ਇੰਗਲਿਸ਼ ਕੈਥੋਲਿਕ ਟੀਚਰਜ਼ ਐਸੋਸੀਏਸ਼ਨ' ਸਮੇਤ ਸੂਬੇ ਦੀਆਂ ਚਾਰ ਅਧਿਆਪਕ ਯੂਨੀਅਨਾਂ ਇਸ ਵੇਲੇ ਸਰਕਾਰ ਤੋਂ ਨਾਰਾਜ਼ ਚੱਲ ਰਹੀਆਂ ਹਨ ਅਤੇ ਲਗਾਤਾਰ ਆਪਣਾ ਸੰਘਰਸ਼ ਜਾਰੀ ਰੱਖ ਰਹੀਆਂ ਹਨ। ਹਾਲਾਂਕਿ ਸਿੱਖਿਆ ਮੰਤਰੀ ਸਟੀਫ਼ਨ ਲੈਸੀ ਨੇ ਅਧਿਆਪਕ ਯੂਨੀਅਨਾਂ 'ਤੇ ਦੋਸ਼ ਲਾਏ ਹਨ ਕਿ ਉਹ ਹੜਤਾਲ ਆਦਿ ਕਰਕੇ ਵਿਦਿਆਰਥੀਆਂ ਦੀ ਪੜਾਈ ਖਰਾਬ ਕਰ ਰਹੀਆਂ ਹਨ।