CBSE ਬੋਰਡ 12ਵੀਂ ਜਮਾਤ ਦੇ ਨਤੀਜਿਆਂ ਦਾ ਹੋਇਆ ਐਲਾਨ, ਕੁੜੀਆਂ ਦੀ ਸਰਦਾਰੀ

by jaskamal

ਪੱਤਰ ਪ੍ਰੇਰਕ : CBSE ਬੋਰਡ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਬੋਰਡ ਵੱਲੋ ਨਤੀਜਿਆਂ ਦਾ ਐਲਾਨ ਅਚਾਨਕ ਕੀਤਾ ਗਿਆ ਹੈ। ਦੱਸ ਦਈਏ ਕਿ ਪਹਿਲਾ ਬੋਰਡ ਨੇ ਕਿਹਾ ਸੀ ਕਿ 10ਵੀਂ ਅਤੇ 12ਵੀਂ ਦੇ ਨਤੀਜੇ 20 ਮਈ ਤੋਂ ਬਾਅਦ ਜਾਰੀ ਕੀਤੇ ਜਾਣਗੇ, ਪਰ ਅੱਜ ਅਚਾਨਕ ਬੋਰਡ ਨੇ ਆਪਣੀ ਅਧਿਕਾਰਿਤ ਵੈੱਬਸਾਈਟ 'ਤੇ ਨਤੀਜਿਆਂ ਦਾ ਲਿੰਕ ਐਕਟਿਵ ਕਰ ਦਿੱਤਾ ਹੈ। ਇਸ ਸਾਲ CBSE ਬੋਰਡ 'ਚ 12ਵੀਂ ਜਮਾਤ ਦੇ ਕੁੱਲ 87.98 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਇਸ ਸਾਲ ਦੇ ਨਤੀਜੇ ਪਿਛਲੇ ਸਾਲ ਵਾਂਗ ਹੀ ਰਹੇ ਹਨ।

ਇਸ ਸਾਲ ਵੀ ਕੁੜੀਆਂ ਨੇ ਮੁੰਡਿਆਂ ਦੇ ਮੁਕਾਬਲੇ ਵਧੀਆਂ ਪ੍ਰਦਰਸ਼ਨ ਕੀਤਾ ਹੈ। ਮੁੰਡਿਆਂ ਦੇ ਮੁਕਾਬਲੇ 6.4 ਫੀਸਦੀ ਕੁੜੀਆਂ ਜ਼ਿਆਦਾ ਪਾਸ ਹੋਈਆਂ ਹਨ। ਕੁੜੀਆਂ 91.52 ਫੀਸਦੀ ਅਤੇ ਮੁੰਡੇ 85.12 ਫੀਸਦੀ ਰਹੇ ਹਨ।

12ਵੀਂ ਦੇ ਨਤੀਜਿਆਂ 'ਚ 1 ਲੱਖ ਤੋਂ ਜ਼ਿਆਦਾ ਬੱਚਿਆਂ ਦੀ ਕੰਪਾਰਟਮੈਂਟ ਆ ਗਈ ਹੈ। ਇਸ ਸਾਲ 1,22,170 ਬੱਚੇ ਕੰਪਾਰਟਮੈਂਟ ਦੀ ਪ੍ਰੀਖਿਆ ਦੇਣਗੇ। ਜੇਕਰ ਵਧੀਆਂ ਨਤੀਜਿਆਂ ਬਾਰੇ ਗੱਲ ਕੀਤੀ ਜਾਵੇ, ਤਾਂ ਕੇਰਲ ਦੇ ਤ੍ਰਿਵੇਂਦਰਮ ਸ਼ਹਿਰ ਸਭ ਤੋਂ ਉੱਪਰ ਰਿਹਾ ਹੈ। ਇੱਥੋਂ ਦਾ ਨਤੀਜਾ 99.91 ਫੀਸਦੀ ਰਿਹਾ ਹੈ। ਦੂਜੇ ਸਥਾਨ ’ਤੇ ਪੂਰਬੀ ਦਿੱਲੀ ਜ਼ੋਨ ਰਿਹਾ ਹੈ, ਜਿੱਥੋ ਦਾ ਨਤੀਜਾ 94.51 ਫੀਸਦੀ ਰਿਹਾ ਹੈ। ਜਦਕਿ ਪੱਛਮੀ ਦਿੱਲੀ ਦਾ ਨਤੀਜਾ 95.64 ਫੀਸਦੀ ਰਿਹਾ ਹੈ ਅਤੇ ਨੋਇਡਾ ਖੇਤਰ ਦੇ 80.27 ਫੀਸਦੀ ਵਿਦਿਆਰਥੀ ਪਾਸ ਹੋਏ ਹਨ।

12ਵੀਂ ਦੇ ਨਤੀਜੇ ਬੋਰਡ ਦੀ ਅਧਿਕਾਰਿਤ ਵੈੱਬਸਾਈਟ cbseresults.nic.in 'ਤੇ ਚੈੱਕ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ, ਤੁਸੀਂ DigiLocker ਅਤੇ Umang ਐਪ 'ਤੇ ਵੀ ਨਤੀਜੇ ਦੇਖ ਸਕਦੇ ਹੋ।

CBSE ਬੋਰਡ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਟਾਪਰਾਂ ਦੇ ਨਾਮ ਦੀ ਸੂਚੀ ਜਾਰੀ ਨਹੀਂ ਕਰੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸਾਲ 12ਵੀਂ ਦੀ ਫਾਈਨਲ ਪ੍ਰੀਖਿਆ 'ਚ 24068 ਵਿਦਿਆਰਥੀਆਂ ਨੂੰ 95 ਫੀਸਦੀ ਤੋਂ ਜ਼ਿਆਦਾ ਨੰਬਰ ਮਿਲੇ ਹਨ।