ਸ੍ਰੀਨਗਰ: ਪਾਕਿਸਤਾਨ ਨੇ ਇਕ ਵਾਰ ਫਿਰ ਸਵੇਰੇ ਸੀਜ਼ਫਾਇਰ ਦੀ ਉਲੰਘਣਾ ਕੀਤੀ ਹੈ। ਜੰਮੂ-ਕਸ਼ਮੀਰ ‘ਚ ਤੰਗਧਾਰ ਤੇ ਕੰਜਲਵਾਨ ਸੈਕਟਰ ‘ਚ ਪਾਕਿਸਤਾਨ ਨੇ ਮੁੜ ਜੰਗਬੰਦੀ ਦੀ ਉਲੰਘਣਾ ਕਰ ਕੇ ਗੋਲ਼ੀਬਾਰੀ ਕੀਤੀ ਹੈ। ਮਕਬੂਜ਼ਾ ਕਸ਼ਮੀਰ ‘ਚ ਸਥਿਤ ਨੀਲਮ ਘਾਟੀ ‘ਚ ਵੀ ਜਦੋਂ ਪਾਕਿ ਫ਼ੌਜ ਨੇ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਤਾਂ ਸੁਰੱਖਿਆ ਬਲਾਂ ਨੇ ਇਸ ਦਾ ਮੂੰਹ-ਤੋੜ ਜਵਾਬ ਦਿੱਤਾ। ਭਾਰਤੀ ਜਵਾਨਾਂ ਨੇ ਛਿਲਾਣਾ, ਕੇਲ, ਅਥਮੁਕਾਮ ਤੇ ਸ਼ਾਰਦਾ ਇਲਾਕੇ ‘ਚ ਗੋਲ਼ੀਬਾਰੀ ਕਰਦੇ ਹੋਏ ਪਾਕਿਸਤਾਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਉੱਥੇ ਹੀ ਅਖਨੂਰ ਦੇ ਪਲਾਂਵਾਲਾ ਸੈਕਟਰ ‘ਚ ਦੇਰ ਰਾਤ ਪਾਕਿਸਤਾਨ ਵੱਲੋਂ ਸ਼ੁਰੂ ਕੀਤੀ ਗੋਲ਼ੀਬਾਰੀ ਦਾ ਜਦੋਂ ਭਾਰਤੀ ਜਵਾਨਾਂ ਨੇ ਜਵਾਬ ਦਿੱਤਾ ਤਾਂ ਇਸ ਦੌਰਾਨ ਪਾਕਿ ਫ਼ੌਜ ਦੇ ਦੋ ਜਵਾਨ ਮਾਰੇ ਗਏ। ਰੱਖਿਆ ਮੰਤਰਾਲੇ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਜਵਾਬੀ ਕਾਰਵਾਈ ‘ਚ ਪਾਕਿਸਤਾਨੀ ਚੌਕੀਆਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਇਸ ਜਵਾਬ ਤੋਂ ਬਾਅਦ ਪਾਕਿਸਤਾਨ ਵੱਲੋਂ ਗੋਲ਼ੀਬਾਰੀ ਰੁਕ ਗਈ ਹੈ ਪਰ ਹਾਲੀ ਵੀ ਰੁਕ-ਰੁਕ ਕੇ ਇਨ੍ਹਾਂ ਇਲਾਕਿਆਂ ‘ਚ ਦੋਵੇਂ ਪਾਸਿਓਂ ਗੋਲ਼ਾਬਾਰੀ ਕੀਤੀ ਜਾ ਰਹੀ ਹੈ। ਪਾਕਿਸਤਾਨ ਵੱਲੋਂ ਹੋਈ ਗੋਲ਼ਾਬਾਰੀ ‘ਚ ਕਿਸੇ ਦੇ ਨੁਕਾਸਨੇ ਜਾਣ ਦੀ ਖ਼ਬਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲ਼ਾਬਾਰੀ ਸ਼ੁਰੂ ਹੁੰਦੇ ਹੀ ਫ਼ੌਜ ਨੇ ਰਿਹਾਇਸ਼ੀ ਇਲਾਕਿਆਂ ‘ਚ ਚਿਤਾਵਨੀ ਜਾਰੀ ਕਰ ਦਿੱਤੀ ਸੀ। ਫ਼ੌਜ ਦੀ ਸਲਾਹ ‘ਤੇ ਪਿੰਡ ਵਾਸੀ ਸੁਰੱਖਿਅਤ ਥਾਵਾਂ ‘ਤੇ ਚਲੇ ਗਏ ਸਨ।
ਇਸ ਤੋਂ ਇਲਾਵਾ ਪਾਕਿ ਫ਼ੌਜ ਨੇ ਘੁਸਪੈਠ ਕਰਨ ਦੇ ਇਰਾਦੇ ਨਾਲ ਅਖਨੂਰ ਦੇ ਪਲਾਂਵਾਲਾ ਇਲਾਕੇ ‘ਚ ਬੀਤੀ ਰਾਤ ਗੋਲ਼ਾਬਾਰੀ ਸ਼ੁਰੂ ਕੀਤੀ ਸੀ। ਰਾਤ ਸਾਢੇ 10 ਵਜੇ ਸ਼ੁਰੂ ਹੋਈ ਇਹ ਗੋਲ਼ਾਬਾਰੀ ਸਵੇਰੇ 3.00 ਵਜੇ ਤਕ ਜਾਰੀ ਰਹੀ। ਭਾਰਤੀ ਜਵਾਨਾਂ ਨੇ ਇੱਥੇ ਵੀ ਪਾਕਿ ਫ਼ੌਜ ਨੂੰ ਮੂੰਹ-ਤੋੜ ਜਵਾਬ ਦਿੱਤਾ। ਜਵਾਬੀ ਕਾਰਵਾਈ ‘ਚ ਭਾਰਤੀ ਸੁਰੱਖਿਆ ਬਲਾਂ ਵੱਲੋਂ ਪਾਕਿਸਤਾਨੀ ਚੌਕੀਆਂ ‘ਤੇ ਵਰ੍ਹਾਏ ਗਏ ਗੋਲ਼ਿਆਂ ‘ਚ ਦੋ ਪਾਕਿ ਫ਼ੌਜੀ ਵੀ ਮਾਰੇ ਗਏ ਹਨ। ਰੱਖਿਆ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਮਹੀਨੇ ਕਈ ਵਾਰ ਪਾਕਿਸਤਾਨ ਨੇ ਸੀਜ਼ਫਾਇਰ ਦੀ ਉਲੰਘਣਾ ਕੀਤੀ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



