ਅਮਿਤ ਸ਼ਾਹ ਦੀ ਪੰਜਾਬ ਫੇਰੀ ਸਬੰਧੀ ਲੁਧਿਆਣਾ ਪੁੱਜੀਆਂ ਕੇਂਦਰੀ ਏਜੰਸੀਆਂ, ਕੀਤੇ ਸਖ਼ਤ ਸੁਰੱਖਿਆ ਪ੍ਰਬੰਧ, ਦੇਖੋ ਤਸਵੀਰਾਂ

by jaskamal

ਨਿਊਜ਼ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਿਰੋਜ਼ਪੁਰ ਦੌਰੇ ਦੌਰਾਨ ਉਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਕਾਰਨ ਵਾਪਸ ਮੁੜਨਾ ਪਿਆ ਸੀ। ਉਨ੍ਹਾਂ ਤੋਂ ਬਾਅਦ ਪਹਿਲੀ ਵਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਆ ਰਹੇ ਹਨ। ਪਟਿਆਲਾ ਤੋਂ ਬਾਅਦ ਉਨ੍ਹਾਂ ਦੀ ਫੇਰੀ ਲੁਧਿਆਣਾ 'ਚ ਰਹੇਗੀ। ਦਰੇਸੀ ਮੈਦਾਨ ’ਚ ਰੈਲੀ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਉੂਣਤਾਈ ਨਾ ਰਹੇ, ਇਸ ਲਈ ਕਮਿਸ਼ਨਰੇਟ ਪੁਲਸ ਅਲਰਟ ਹੋ ਗਈ ਹੈ। ਐਤਵਾਰ ਨੂੰ ਕੇਂਦਰੀ ਏਜੰਸੀਆਂ ਲੁਧਿਆਣਾ ਦੇ ਦਰੇਸੀ ਮੈਦਾਨ ਪੁੱਜ ਗਈਆਂ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਏਜੰਸੀਆਂ ਨਾਲ ਦਰੇਸੀ ਮੈਦਾਨ ਦਾ ਪੂਰਾ ਜਾਇਜ਼ਾ ਲਿਆ। ਸੀਪੀ ਨੇ ਆਪਣੀ ਟੀਮ ਦੇ ਨਾਲ ਦਰੇਸੀ ਮੈਦਾਨ ’ਚ ਇਕ ਮੀਟਿੰਗ ਕੀਤੀ ਤੇ ਰੈਲੀ ਸਥਾਨ ਦੀ ਸੁਰੱਖਿਆ ਪਲਾਨ ਤਿਆਰ ਕੀਤਾ ਤੇ ਪੂਰੇ ਏਰੀਆ ਨੂੰ ਘੇਰ ਲਿਆ ਗਿਆ ਹੈ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲਸ ਨਾਲ ਹੀ ਪੈਰਾਮਿਲਟਰੀ ਫੋਰਸ ਨੇ ਦਰੇਸੀ ਮੈਦਾਨ ਘੇਰਿਆ ਹੋਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਜਿਸ ਰੋਡ ਤੋਂ ਗ੍ਰਹਿ ਮੰਤਰੀ ਦਾ ਕਾਫ਼ਲਾ ਨਿਕਲਣਾ ਹੈ, ਉੱਥੇ ਵੀ ਪੁਲਸ ਫੋਰਸ ਪੂਰੀ ਤਰ੍ਹਾਂ ਤਾਇਨਾਤ ਰਹੇਗੀ। ਇਸ ਤੋਂ ਇਲਾਵਾ ਦਰੇਸੀ ਮੈਦਾਨ ਦੇ ਆਸ-ਪਾਸ ਸਾਰੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਦੁਕਾਨਾਂ ਤੇ ਘਰਾਂ ਦੀਆਂ ਛੱਤਾਂ ’ਤੇ ਮੁਲਾਜ਼ਮ ਰਹਿਣਗੇ। ਉਨ੍ਹਾਂ ਛੱਤਾਂ ’ਤੇ ਦੁਕਾਨਾਂ ਜਾਂ ਘਰਾਂ ਦੇ ਮਾਲਕਾਂ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਪੈਰਾਮਿਲਟਰੀ ਫੋਰਸ ਦੀ ਵੀ ਨਾਕਾਬੰਦੀ ਰਹੇਗੀ।