ਚੰਡੀਗੜ੍ਹ ਨਾਈਟ ਕਰਫ਼ਿਊ ਦਾ ਸਮਾਂ ਬਦਲਿਆ, 7 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਨਾਈਟ ਕਰਫ਼ਿਊ ਵਿਚ ਵੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਥੋੜ੍ਹੀ ਰਾਹਤ ਦਿੱਤੀ ਗਈ ਹੈ। ਹੁਣ ਨਾਈਟ ਕਰਫ਼ਿਊ ਰਾਤ 10.30 ਤੋਂ ਸਵੇਰੇ 5 ਵਜੇ ਤੱਕ ਰਹੇਗਾ। ਇਹ ਸਾਰੇ ਫ਼ੈਸਲੇ ਬੁੱਧਵਾਰ ਸਵੇਰੇ 6 ਵਜੇ ਤੋਂ ਲਾਗੂ ਹੋਣਗੇ। ਐਤਵਾਰ ਲਾਕਡਾਊਨ ਰਹੇਗਾ ਜਾਂ ਨਹੀਂ, ਇਸ ਸਬੰਧੀ ਮੀਟਿੰਗ ਵਿਚ ਕੋਈ ਫ਼ੈਸਲਾ ਨਹੀਂ ਹੋ ਸਕਿਆ। ਦੱਸਿਆ ਗਿਆ ਕਿ ਲਾਕਡਾਊਨ ਸਬੰਧੀ ਵੱਖਰੇ ਤੌਰ ’ਤੇ ਮੀਟਿੰਗ ਵਿਚ ਫ਼ੈਸਲਾ ਲਿਆ ਜਾਵੇਗਾ। ਉੱਥੇ ਹੀ ਮਾਨਸੂਨ ਸੀਜ਼ਨ ਲਈ ਪ੍ਰਸ਼ਾਸਕ ਨੇ ਇੰਜੀਨੀਅਰਿੰਗ ਅਤੇ ਸਿਹਤ ਵਿਭਾਗ ਨੂੰ ਤਿਆਰ ਰਹਿਣ ਲਈ ਕਿਹਾ ਹੈ।

ਚੰਡੀਗੜ੍ਹ ਵਿਚ ਹੁਣ ਦੁਕਾਨਾਂ ਸਵੇਰੇ 10 ਤੋਂ ਸ਼ਾਮ 7 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਇਸਦੇ ਨਾਲ ਹੀ ਸ਼ਹਿਰ ਦੇ ਰੈਸਟੋਰੈਂਟ/ਬਾਰ ਸਵੇਰੇ 10 ਤੋਂ ਰਾਤ 10 ਵਜੇ ਤੱਕ ਖੋਲ੍ਹੇ ਜਾ ਸਕਣਗੇ। ਸ਼ਹਿਰ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਘੱਟ ਹੋਣ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਫ਼ੈਸਲੇ ਮੰਗਲਵਾਰ ਨੂੰ ਹੋਈ ਵਾਰ ਰੂਮ ਮੀਟਿੰਗ ਦੌਰਾਨ ਲਏ। ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਦੀ ਪ੍ਰਧਾਨਗੀ ਵਿਚ ਹੋਈ ਇਸ ਮੀਟਿੰਗ ਦੌਰਾਨ ਦੁਕਾਨਦਾਰਾਂ ਅਤੇ ਰੈਸਟੋਰੈਂਟ ਮਾਲਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਕੋਵਿਡ ਪ੍ਰੋਟੋਕਾਲ ਦਾ ਪੂਰਾ ਪਾਲਣ ਕੀਤਾ ਜਾਵੇ।