ਅੰਮ੍ਰਿਤਸਰ (ਨੇਹਾ): ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਉੱਘੇ ਆਗੂ ਚਰਨਜੀਤ ਸਿੰਘ ਬਰਾੜ ਨੇ ਪਾਰਟੀ ਦੇ ਜਨਰਲ ਸਕੱਤਰ, ਮੁੱਖ ਬਲਾਰਾ ਸਮੇਤ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ।
ਇਸ ਸਬੰਧੀ ਡੈਲੀਗੇਟ ਅਤੇ ਭਰਤੀ ਕਰਤਾਵਾਂ ਦੇ ਨਾਂ ਲਿਖੇ ਗਏ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਉਹ ਭਰਤੀ ਕਰਤਾ, ਡੈਲੀਗੇਟ ਸਹਿਬਾਨ ਅਤੇ ਹਰੇਕ ਵਰਕਰ ਤੋਂ ਮੁਆਫੀ ਚਾਹੁੰਦੇ ਹਨ ਕਿਉਂਕਿ ਉਹ ਬੜੇ ਹੀ ਭਰੇ ਮਨ ਨਾਲ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋ ਅਸਤੀਫਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੇ ਹੱਥੀਂ ਮਕਾਨ ਬਣਾ ਕੇ ਛੱਡਣਾ ਬਹੁਤ ਔਖਾ ਹੁੰਦਾ ਹੈ ਪਰ ਹਾਲਾਤ ਹੀ ਅਜਿਹੇ ਬਣ ਗਏ ਹਨ ਕਿ ਕੋਈ ਚਾਰਾ ਨਹੀਂ ਬਚਿਆ।
ਉਨ੍ਹਾਂ ਕਿਹਾ ਕਿ ਨਵੀਂ ਪਾਰਟੀ ਦੀ ਪੁਨਰ ਸੁਰਜੀਤੀ ਵਿੱਚ ਵੀ ਸਿਧਾਂਤਾਂ ’ਤੇ ਪਹਿਰਾ ਨਹੀਂ ਦਿੱਤਾ ਜਾ ਰਿਹਾ ਹੈ। ਇੱਥੋਂ ਤੱਕ ਕਿ 11 ਅਗਸਤ ਨੂੰ ਪਾਰਟੀ ਪ੍ਰਧਾਨ ਦੀ ਚੋਣ ਤੋਂ ਬਾਅਦ ਪੰਜ ਮਹੀਨੇ ਵਿੱਚ ਕਿਸੇ ਵੀ ਲੋਕ ਮੁੱਦਿਆਂ ਲਈ ਧਰਤੀ ’ਤੇ ਕਿਤੇ ਵੀ ਲੜਦੇ ਨਜ਼ਰ ਨਹੀਂ ਆਏ ਅਤੇ ਨਾ ਹੀ ਪਾਰਟੀ ਨੂੰ ਕੋਈ ਵੀ ਠੋਸ ਪ੍ਰੋਗਰਾਮ ਦਿੱਤਾ ਗਿਆ। ਇਸ ਕਰਕੇ ਭਰਤੀ ਕਰਨ ਵਾਲੇ ਹਰੇਕ ਵਰਕਰ ਦਾ ਮਨੋਬਲ ਲਗਪਗ ਟੁੱਟ ਚੁੱਕਿਆ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਪੁਨਰ ਸੁਰਜੀਤੀ ਲਈ ਸੁਧਾਰ ਦੇ ਰਸਤੇ ਤੋ ਭੜਕੀ ਹੋਈ ਲੀਡਰਸ਼ਿਪ ਹਾਲੇ ਵੀ ਆਪਣੇ ਆਪ ਨੂੰ ਦਰੁਸਤ ਕਰ ਲਏ ਤਾਂ ਪਾਰਟੀ ਵਿਚ ਸੁਧਾਰ ਹੋ ਸਕਦਾ ਹੈ।



