
ਕਪੂਰਥਲਾ (ਰਾਘਵ): ਥਾਣਾ ਬੇਗੋਵਾਲ ਦੀ ਪੁਲਸ ਨੇ ਅਮਰੀਕਾ ਭੇਜਣ ਦੇ ਨਾਂ 'ਤੇ 20 ਲੱਖ 38 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦਰਜ ਕੀਤੇ ਹੋਏ ਕੇਸ ਵਿਚ ਅਖੌਤੀ ਟਰੈਵਲ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦਕਿ ਇਸ ਮਾਮਲੇ ਵਿਚ ਬੈਂਕ ਖ਼ਾਤੇ ਰਾਹੀਂ ਨਕਦੀ ਲੈਣ ਵਾਲੀ ਮਹਿਲਾ ਅਖੌਤੀ ਟਰੈਵਲ ਏਜੰਟ ਦੀ ਗ੍ਰਿਫ਼ਤਾਰੀ ਹੋਣੀ ਹਾਲੇ ਬਾਕੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਬੇਗੋਵਾਲ ਹਰਜਿੰਦਰ ਸਿੰਘ ਨੇ ਦੱਸਿਆ ਕਿ ਕੁਲਜੀਤ ਕੌਰ ਪਤਨੀ ਸੁਰਿੰਦਰਜੀਤ ਸਿੰਘ ਵਾਸੀ ਪਿੰਡ ਭਦਾਸ ਦੇ ਬਿਆਨਾਂ 'ਤੇ ਉਸ ਦੇ ਬੇਟੇ ਬਲਪ੍ਰੀਤ ਸਿੰਘ ਨੂੰ ਅਮਰੀਕਾ ਭੇਜਣ ਲਈ 20 ਲੱਖ 38 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਮਾਰਚ ਮਹੀਨੇ ਥਾਣਾ ਬੇਗੋਵਾਲ ਵਿਖੇ ਅਖੌਤੀ ਟਰੈਵਲ ਏਜੰਟ ਹਰਪ੍ਰੀਤ ਕੌਰ ਉਰਫ਼ ਸੁਮਨ ਪਤਨੀ ਪਲਵਿੰਦਰ ਸਿੰਘ ਵਾਸੀ ਮਾਡਲ ਹਾਊਸ ਜਲੰਧਰ ਅਤੇ ਜਸਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਥੰਮੂਵਾਲ ਸ਼ਾਹਕੋਟ, ਜ਼ਿਲ੍ਹਾ ਜਲੰਧਰ ਖਿਲਾਫ ਪੰਜਾਬ ਟਰੈਵਲ ਪ੍ਰੋਫੈਸ਼ਨਲਸ (ਰੈਗੂਲੇਸ਼ਨ) ਐਕਟ ਅਤੇ ਆਈ. ਪੀ. ਸੀ. ਦੀ ਧਾਰਾ 406, 420 ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਜਸਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਥੰਮੂਵਾਲ, ਸ਼ਾਹਕੋਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਐੱਸ. ਐੱਚ. ਓ. ਬੇਗੋਵਾਲ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਕੁਲਜੀਤ ਕੌਰ ਪਤਨੀ ਸੁਰਿੰਦਰਜੀਤ ਸਿੰਘ ਵਾਸੀ ਪਿੰਡ ਭਦਾਸ ਨੇ ਐੱਸ. ਐੱਸ. ਪੀ. ਕਪੂਰਥਲਾ ਨੂੰ ਦਿੱਤੀ ਦਰਖ਼ਾਸਤ ਰਾਹੀਂ ਦੱਸਿਆ ਸੀ ਕਿ ਹਰਪ੍ਰੀਤ ਕੌਰ ਉਰਫ਼ ਸੁਮਨ ਪਤਨੀ ਪਲਵਿੰਦਰ ਸਿੰਘ ਜੋਕਿ ਉਸ ਦੇ ਗੁਆਂਢੀ ਦੀ ਲੜਕੀ ਹੈ ਅਤੇ ਜਲੰਧਰ ਵਿਆਹੀ ਹੋਈ ਹੈ। ਜੋ ਪਿੰਡ ਆਉਣ ਸਮੇਂ ਅਕਸਰ ਸਾਡੇ ਘਰ ਆਉਂਦੀ ਜਾਂਦੀ ਸੀ ਅਤੇ ਸਾਨੂੰ ਵਾਰ-ਵਾਰ ਕਹਿਣ ਲੱਗੀ ਕਿ ਅਸੀਂ ਵਿਦੇਸ਼ ਅਮਰੀਕਾ ਇਕ ਨੰਬਰ ਵਿਚ ਵਿਅਕਤੀਆਂ ਨੂੰ ਭੇਜਦੇ ਹਾਂ, ਜੋ ਸਿੱਧਾ ਐਲਸਲਵਾਡੋਰ ਦਾ ਵੀਜ਼ਾ ਲਗਵਾ ਕੇ ਦਿੰਦੇ ਹਾਂ ਅਤੇ ਅੱਗੋਂ ਫਿਰ ਫਲਾਈਟ ਰਾਹੀਂ ਹੀ ਮੈਕਸੀਕੋ ਅਤੇ ਮੈਕਸੀਕੋ ਤੋਂ ਅਮਰੀਕਾ ਪਹੁੰਚਾਉਂਦੇ ਹਾਂ।
ਤੁਹਾਡਾ ਬੇਟਾ ਹਾਲੇ 18 ਸਾਲ ਤੋਂ ਘੱਟ ਹੈ, ਇਸ ਨੂੰ ਅਮਰੀਕਾ ਵਿਚ ਪੱਕਾ ਕਰਵਾ ਦਿਆਂਗੇ। ਇਸ ਤੋਂ ਬਾਅਦ ਹਰਪ੍ਰੀਤ ਕੌਰ ਆਪਣੇ ਨਾਲ ਜਸਵਿੰਦਰ ਸਿੰਘ, ਜਿਸ ਨੂੰ ਉਸ ਨੇ ਮੁੱਖ ਏਜੰਟ ਦੱਸਿਆ ਅਤੇ ਹੋਰ ਵਿਅਕਤੀਆਂ ਸਮੇਤ ਸਾਡੇ ਘਰ ਆਈ ਅਤੇ ਕਹਿਣ ਲੱਗੀ ਕਿ ਮੈਂ ਹੋਰ ਵੀ ਕਈ ਵਿਅਕਤੀਆਂ ਨੂੰ ਅਮਰੀਕਾ ਭੇਜ ਰਹੀ ਹਾਂ। ਮੈਂ ਤੁਹਾਡੇ ਲੜਕੇ ਬਲਪ੍ਰੀਤ ਸਿੰਘ ਨੂੰ ਵਿਦੇਸ਼ ਅਮਰੀਕਾ ਸਿੱਧਾ ਭੇਜ ਦੇਵਾਂਗੀ। ਰਸਤੇ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ, ਇਸ ਲਈ 42 ਲੱਖ ਰੁਪਏ ਲੱਗਣਗੇ, ਜਿਸ ਤੋਂ ਬਾਅਦ ਮੇਰੇ ਬੇਟੇ ਨੂੰ ਦਿੱਲੀ ਤੋਂ ਰਸ਼ੀਅਨ ਦੇਸ਼ ਅਜਰਬਾਈਜਾਨ (ਬਾਕੂ) ਅਤੇ ਅਲਮਾਟੀ ਭੇਜਿਆ ਅਤੇ ਰਸਤੇ ਵਿੱਚੋਂ ਇਹ ਕਹਿ ਕੇ ਮੇਰੇ ਬੇਟੇ ਬਲਪ੍ਰੀਤ ਨੂੰ ਵਾਪਸ ਇੰਡੀਆ ਭੇਜ ਦਿੱਤਾ ਗਿਆ ਕਿ ਇਸ ਦੇ ਪਾਸਪੋਰਟ ਦੀ ਮਿਆਦ ਛੇ ਮਹੀਨੇ ਤੋਂ ਘੱਟ ਰਹਿ ਗਈ ਹੈ, ਇਸ ਦਾ ਵੀਜ਼ਾ ਨਹੀਂ ਲੱਗ ਸਕਦਾ, ਤੁਸੀਂ ਇਸ ਦਾ ਨਵਾਂ ਪਾਸਪੋਰਟ ਬਣਵਾਓ। ਇਸ ਤੋਂ ਬਾਅਦ ਉਸ ਦਾ ਬੇਟਾ 24 ਜੁਲਾਈ 2023 ਨੂੰ ਵਾਪਸ ਇੰਡੀਆ ਆ ਗਿਆ, ਜਿਸ ਨੂੰ ਨਾ ਤਾਂ ਇਹਨਾਂ ਨੇ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਹਨ। ਐੱਸ. ਐੱਚ. ਓ. ਬੇਗੋਵਾਲ ਨੇ ਦਸਿਆ ਕਿ ਇਸ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਥਾਣਾ ਬੇਗੋਵਾਲ ਵਿਖੇ ਉਕਤ ਮਾਮਲੇ ਸਬੰਧੀ ਕੇਸ ਦਰਜ ਹੋਇਆ ਸੀ। ਜਿਸ ਵਿਚ ਹੁਣ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।