ਕੈਨੇਡਾ ਦੇ ਸਰਕਾਰੀ ਕਾਲਜ ‘ਚ ਦਾਖ਼ਲੇ ਦੇ ਨਾਂ ‘ਤੇ ਮਾਰੀ 20.50 ਲੱਖ ਦੀ ਠੱਗੀ, ਕੇਸ ਦਰਜ

by nripost

ਲੁਧਿਆਣਾ (ਰਾਘਵ): ਕੈਨੇਡਾ ਦੇ ਸਰਕਾਰੀ ਕਾਲਜ ਵਿੱਚ ਦਾਖ਼ਲਾ ਦਵਾਉਣ ਦਾ ਝਾਂਸਾ ਦੇ ਕੇ ਲੁਧਿਆਣਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਬਠਿੰਡਾ ਦੀ ਔਰਤ ਨਾਲ ਧੋਖਾਧੜੀ ਕੀਤੀ। ਮੁਲਜਮ ਨੇ ਲੱਖਾਂ ਰੁਪਏ ਦੀ ਰਕਮ ਹਾਸਲ ਕਰਕੇ ਔਰਤ ਨੂੰ ਨਿੱਜੀ ਕਾਲਜ ਵਿੱਚ ਦਾਖ਼ਲਾ ਦਿਵਾ ਦਿੱਤਾ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਬਠਿੰਡਾ ਦੇ ਰਾਮਪੁਰਾ ਫੂਲ ਦੀ ਰਹਿਣ ਵਾਲੀ ਜਸਪਾਲ ਕੌਰ ਦੀ ਸ਼ਿਕਾਇਤ ’ਤੇ ਸ਼ਿਵਾਲਾ ਰੋਡ ਲੁਧਿਆਣਾ ਦੇ ਵਾਸੀ ਹਰਜੀਤ ਸਿੰਘ ਖਿਲਾਫ ਧੋਖਾਧੜੀ ਤੇ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। 11 ਨਵੰਬਰ 2024 ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਦੀ ਰਹਿਣ ਵਾਲੀ ਜਸਪਾਲ ਕੌਰ ਨੇ ਦੱਸਿਆ ਕਿ ਉਸ ਦੀ ਨੂੰਹ ਸੂਖਮਦੀਪ ਕੌਰ ਨੇ ਆਪਣੀ ਅਗਲੀ ਪੜ੍ਹਾਈ ਕੈਨੇਡਾ ਦੇ ਸਰਕਾਰੀ ਕਾਲਜ ਵਿੱਚ ਕਰਨੀ ਸੀ। ਇਸੇ ਦੌਰਾਨ ਉਨਾਂ ਦੀ ਮੁਲਾਕਾਤ ਹਰਜੀਤ ਸਿੰਘ ਨਾਲ ਹੋਈ। ਹਰਜੀਤ ਸਿੰਘ ਨੇ ਆਖਿਆ ਕਿ ਉਹ ਆਸਾਨੀ ਨਾਲ ਸੂਖਮਦੀਪ ਕੌਰ ਦਾ ਦਾਖ਼ਲਾ ਕੈਨੇਡਾ ਦੇ ਸਰਕਾਰੀ ਕਾਲਜ ਵਿੱਚ ਕਰਵਾ ਦੇਵੇਗਾ। ਦਾਖਲੇ ਦੇ ਨਾਂ ’ਤੇ ਉਸ ਨੇ ਜਸਪਾਲ ਕੌਰ ਕੋਲੋਂ 20 ਲੱਖ 50 ਹਜ਼ਾਰ ਰੁਪਏ ਦੀ ਰਕਮ ਹਾਸਲ ਕਰ ਲਈ। ਸਰਕਾਰੀ ਕਾਲਜ ਦੀ ਗੱਲ ਕਹਿ ਕੇ ਮੁਲਜ਼ਮ ਨੇ ਸੂਖਮਦੀਪ ਕੌਰ ਦੀ ਐਡਮਿਸ਼ਨ ਨਿੱਜੀ ਕਾਲਜ ਵਿੱਚ ਕਰਵਾ ਦਿੱਤੀ। ਇਸੇ ਦੌਰਾਨ ਮੁਲਜ਼ਮ ਨੇ ਨਿੱਜੀ ਕਾਲਜ ਵਿੱਚ ਸੂਖਮਦੀਪ ਕੌਰ ਦੇ ਦਾਖਲੇ ਦੀ ਫੀਸ 5 ਲੱਖ 38 ਹਜ਼ਾਰ ਰੁਪਏ ਭਰ ਦਿੱਤੇ ਪ੍ਰੰਤੂ ਬਾਕੀ ਇੱਕ ਸਮੈਸਟਰ ਦੀ ਫੀਸ ਨਾ ਭਰ ਕੇ ਉਸ ਨਾਲ ਧੋਖਾਧੜੀ ਕੀਤੀ।

ਇਸ ਮਾਮਲੇ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਡੂੰਘਾਈ ਨਾਲ ਤਫਤੀਸ਼ ਕੀਤੀ ਅਤੇ ਕਈ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਮੁਲਜ਼ਮ ਹਰਜੀਤ ਸਿੰਘ ਖਿਲਾਫ਼ ਕੇਸ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਅਧਿਕਾਰੀਆਂ ਦੀ ਪੜਤਾਲ ਤੋਂ ਬਾਅਦ ਹਰਜੀਤ ਸਿੰਘ ਖਿਲਾਫ ਧੋਖਾ ਧੜੀ ਅਤੇ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..