IPL T20 : ਦਿੱਲੀ ਕੈਪੀਟਲਸ ਨੂੰ 6 ਵਿਕਟਾਂ ਨਾਲ ਹਰਾ ਚੇੱਨਈ ਪੋਹੁੰਚੀ ਫਾਈਨਲ ‘ਚ

by

ਵਿਸ਼ਾਖਾਪਟਨਮ (ਵਿਕਰਮ ਸਹਿਜਪਾਲ) : ਆਪਣੇ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਤੇ ਓਪਨਰਾਂ ਫਾਫ ਡੂ ਪਲੇਸਿਸ (50) ਤੇ ਸ਼ੇਨ ਵਾਟਸਨ(50) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਸਾਬਕਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੇ ਦਿੱਲੀ ਕੈਪੀਟਲਸ ਦਾ ਪਹਿਲੀ ਵਾਰ ਫਾਈਨਲ ਵਿਚ ਪਹੁੰਚਣ ਦਾ ਸੁਪਨਾ ਸ਼ੁੱਕਰਵਾਰ ਨੂੰ 6 ਵਿਕਟਾਂ ਨਾਲ ਜਿੱਤ ਕੇ ਤੋੜਦੇ ਹੋਏ ਰਿਕਾਰਡ 8ਵੀਂ ਵਾਰ  ਆਈ. ਪੀ. ਐੱਲ. ਦੇ ਖਿਤਾਬੀ ਮੁਕਾਬਲੇ ਵਿਚ ਪ੍ਰਵੇਸ਼ ਕਰ ਲਿਆ, ਜਿੱਥੇ 12 ਮਈ ਨੂੰ ਉਸਦਾ ਮੁਕਾਬਲਾ ਪੁਰਾਣੇ ਵਿਰੋਧੀ ਮੁੰਬਈ ਇੰਡੀਅਨਜ਼ ਨਾਲ ਹੋਵੇਗਾ।

ਚੇਨਈ ਨੇ ਦੀਪਕ ਚਾਹਰ, ਹਰਭਜਨ ਸਿੰਘ, ਰਵਿੰਦਰ ਜਡੇਜਾ ਤੇ ਡਵੇਨ ਬ੍ਰਾਵੋ ਦੀਆਂ 2-2 ਵਿਕਟਾਂ ਦੀ ਬਦੌਲਤ ਦਿੱਲੀ ਨੂੰ ਆਈ. ਪੀ.ਐੱਲ.-12 ਦੇ ਦੂਜੇ ਕੁਆਲੀਫਾਇਰ ਵਿਚ 20 ਓਵਰਾਂ 'ਤੇ 9 ਵਿਕਟਾਂ 'ਤੇ 147 ਦੌੜਾਂ 'ਤੇ ਰੋਕ ਦਿੱਤਾ ਸੀ ਤੇ ਫਿਰ ਪਲੇਸਿਸ ਤੇ ਵਾਟਸਨ ਦੇ ਅਰਧ ਸੈਂਕੜਿਆਂ ਦੀ ਬਦੌਲਤ ਮੁਕਾਬਲਾ 19 ਓਵਰਾਂ ਵਿਚ  4 ਵਿਕਟਾਂ 'ਤੇ 151 ਦੌੜਾਂ ਬਣਾ ਕੇ ਜਿੱਤ ਲਿਆ। 3 ਵਾਰ ਦੀ ਚੈਂਪੀਅਨ ਰਹਿ ਚੁੱਕੀ ਚੇਨਈ ਦੀ ਟੀਮ 8ਵੀਂ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚੀ ਹੈ। ਚੇਨਈ ਨੇ ਇਸ ਤੋਂ ਪਹਿਲਾਂ 2008, 2010, 2011, 2012, 2013, 2015 ਤੇ 2018 ਦੇ ਫਾਈਨਲ ਵਿਚ ਜਗ੍ਹਾ ਬਣਾਈ ਸੀ ਤੇ ਉਸ ਨੇ 2010, 2011 ਤੇ 2018 ਵਿਚ ਖਿਤਾਬ ਜਿੱਤਿਆ ਸੀ।