ਛੱਤੀਸਗੜ੍ਹ ਨਕਸਲਵਾਦ ਦੇ ਚਲਦਿਆ ਜਵਾਨਾਂ ਦੀ ਬੱਸ ਨੂੰ ਉਡਾਇਆ,3 ਜਵਾਨ ਸ਼ਹੀਦ

by vikramsehajpal

ਛੱਤੀਸਗੜ੍ਹ,ਨਾਰਾਇਣਪੁਰ,(ਦੇਵ ਇੰਦਰਜੀਤ) :ਨਕਸਲੀਆਂ ਨੇ ਬਾਰੂਦੀ ਸੁਰੰਗ ’ਚ ਧਮਾਕਾ ਕਰ ਕੇ ਮੰਗਲਵਾਰ ਯਾਨੀ ਕਿ ਅੱਜ ਇਕ ਬੱਸ ਨੂੰ ਉਡਾ ਦਿੱਤਾ, ਜਿਸ ’ਚ 3 ਜਵਾਨ ਸ਼ਹੀਦ ਹੋ ਗਏ।ਕਈ ਹੋਰ ਜਵਾਨ ਜ਼ਖਮੀ ਹੋਏ ਹਨ। ਸੂਬੇ ਦੇ ਪੁਲਸ ਜਨਰਲ ਡਾਇਰੈਕਟਰ ਡੀ. ਐੱਮ. ਅਵਸਥੀ ਨੇ ਦੱਸਿਆ ਕਿ ਨਾਰਾਇਣਪੁਰ ਜ਼ਿਲ੍ਹੇ ਦੇ ਕੜੇਮੇਟਾ ਅਤੇ ਕਨਹਰਗਾਂਵ ਵਿਚਾਲੇ ਨਕਸਲੀਆਂ ਨੇ ਬਾਰੂਦੀ ਸੁਰੰਗ ’ਚ ਧਮਾਕਾ ਕਰ ਕੇ ਸੁਰੱਖਿਆ ਫੋਰਸ ਦੀ ਬੱਸ ਨੂੰ ਉਡਾ ਦਿੱਤਾ। ਘਟਨਾ ਵਿਚ 3 ਜਵਾਨ ਸ਼ਹੀਦ ਹੋ ਗਏ ਹਨ।

ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਨਕਸਲ ਵਿਰੋਧੀ ਮੁਹਿੰਮ ਵਿਚ ਰਵਾਨਾ ਕੀਤਾ ਗਿਆ ਸੀ। ਮੁਹਿੰਮ ਤੋਂ ਵਾਪਸੀ ਦੌਰਾਨ ਉਹ ਇਕ ਬੱਸ ’ਚ ਸਵਾਰ ਸਨ। ਬੱਸ ਜਦੋਂ ਕੜੇਮੇਟਾ ਅਤੇ ਕਨਹਰਗਾਂਵ ਪਿੰਡ ਦੇ ਮੱਧ ’ਚ ਪੁੱਜੀ ਤਾਂ ਨਕਸਲੀਆਂ ਨੇ ਬਾਰੂਦੀ ਸੁਰੰਗ ਵਿਚ ਧਮਾਕਾ ਕਰ ਦਿੱਤਾ। ਪੁਲਸ ਜਨਰਲ ਡਾਇਰੈਕਟਰ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਵਾਧੂ ਸੁਰੱਖਿਆ ਫੋਰਸ ਨੂੰ ਘਟਨਾ ਵਾਲੀ ਥਾਂ ਵੱਲ ਰਵਾਨਾ ਕੀਤਾ ਗਿਆ ਹੈ।