ਦੋ ਕਿਲੋਵਾਟ ਦੇ ਬਿਜਲੀ ਬਿੱਲ ਮੁਆਫ਼ ਕਰਨ ਦੀ ਮੁਹਿੰਮ ਮੁੱਖ ਮੰਤਰੀ ਚੰਨੀ ਵੱਲੋਂ ਸ਼ੁਰੂ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਦੋ ਕਿਲੋਵਾਟ ਤੱਕ ਦੇ ਖ਼ਪਤਕਾਰਾਂ ਦੇ ਬਕਾਇਆ ਬਿੱਲ ਮੁਆਫ਼ ਕਰ ਦਿੱਤੇ ਗਏ ਹਨ। ਇਸ ਦੀ ਸ਼ੁਰੂਆਤ ਮੁੱਖ ਮੰਤਰੀ ਚੰਨੀ ਵੱਲੋਂ ਜ਼ਿਲ੍ਹਾ ਰੋਪੜ ਦੇ ਪਿੰਡ ਗੱਗੋਂ ਦੇ ਵਿਚ ਬਿਜਲੀ ਦੇ ਬਿੱਲਾਂ ਨੂੰ ਸਾੜ ਕੇ ਕੀਤੀ ਗਈ।

ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ਼ ਗੱਲਾਂ ਕਰਦੀ ਸੀ ਜਦੋਂ ਕਿ ਕਾਂਗਰਸ ਪਾਰਟੀ ਨੇ ਇਹ ਕਰਕੇ ਵਿਖਾ ਦਿੱਤਾ ਹੈ ਕਿ ਪੰਜਾਬ ਦੇ 52 ਲੱਖ ਖ਼ਪਤਕਾਰਾਂ ਦਾ 1200 ਕਰੋੜ ਰੁਪਏ ਦਾ ਬਿਜਲੀ ਦਾ ਬਕਾਇਆ ਮੁਆਫ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋ ਕਿਲੋਵਾਟ ਦੀ ਜੋ ਮੁਆਫ਼ੀ ਦਿੱਤੀ ਗਈ ਹੈ, ਉਹ ਭਾਵੇਂ ਕੋਈ ਵੀ ਵਰਗ ਹੋਵੇ ਗ਼ਰੀਬ, ਮਿਡਲ ਕਲਾਸ, ਹਰ ਇਕ ਦਾ ਬਕਾਇਆ ਮੁਆਫ਼ ਕਰ ਦਿੱਤਾ ਗਿਆ ਹੈ।

ਮੁੱਖ ਮੰਤਰੀ ਵੱਲੋਂ ਪੰਜਾਬ ਵਿੱਚ ਦੋ ਕਿਲੋਵਾਟ ਦੇ ਬਿਜਲੀ ਦੇ ਬਕਾਏ ਦੀ ਕੀਤੀ ਮੁਆਫ਼ੀ ਨੂੰ ਲੈ ਕੇ ਵਿਰੋਧੀਆਂ ਵੱਲੋਂ ਕਾਂਗਰਸ ਪਾਰਟੀ 'ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਦਾ ਇਹ ਸਿਰਫ਼ ਚੋਣ ਸਟੰਟ ਹੈ।

ਹੁਣ ਵੇਖਣਾ ਹੋਵੇਗਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਲੋਕਾਂ ਦੇ ਮੁਆਫ਼ ਕੀਤੇ ਬਿਜਲੀ ਦੇ ਬਿੱਲਾਂ ਦਾ 2022 ਦੀਆਂ ਚੋਣਾਂ ਦੇ ਵਿੱਚ ਕਿੰਨਾ ਕੁ ਸਿਆਸੀ ਫ਼ਾਇਦਾ ਮਿਲਦਾ ਹੈ।