ਨਵੀਂ ਦਿੱਲੀ (Vikram Sehajpal) : ਭਾਰਤੀ ਫ਼ੌਜ ਵੱਲੋਂ ਅਰੁਣਾਚਲ ਪ੍ਰਦੇਸ਼ ਵਿੱਚ ਸਭ ਤੋਂ ਵੱਡਾ ਪਹਾੜੀ ਯੁੱਧ ਅਭਿਆਸ 'ਹਿਮ ਵਿਜੇ' ਆਯੋਜਿਤ ਕੀਤਾ ਗਿਆ ਹੈ। ਉੱਤਰ-ਪੂਰਬੀ ਰਾਜ ਵਿੱਚ ਪਹਿਲੀ ਵਾਰ ਇਹ ਅਭਿਆਸ ਕੀਤਾ ਜਾ ਰਿਹਾ ਹੈ ਪਰ ਚੀਨ ਭਾਰਤੀ ਫ਼ੌਜ ਦੀ ਇਸ ਨਵੀਂ ਯੁੱਧ ਰਣਨੀਤੀ ਤੋਂ ਘਬਰਾ ਗਿਆ ਹੈ ਅਤੇ ਇਸ ਦਾ ਵਿਰੋਧ ਕਰ ਰਿਹਾ ਹੈ।ਕੰਟਰੋਲ ਰੇਖਾ ਤੋਂ 100 ਕਿਲੋਮੀਟਰ ਦੂਰ ਫ਼ੌਜ ਦੇ ਤਿੰਨ ਯੁੱਧ ਸਮੂਹ 14 ਹਜ਼ਾਰ ਫੁੱਟ ਦੀ ਉਚਾਈ 'ਤੇ ਅਭਿਆਸ ਵਿੱਚ ਭਾਗ ਲੈ ਰਹੇ ਹਨ।
25 ਅਕਤੂਬਰ ਨੂੰ ਖ਼ਤਮ ਹੋਣ ਵਾਲਾ ਇਹ ਯੁੱਧ ਅਭਿਆਸ ਤਵਾਂਗ ਨੇੜੇ ਅਰੁਣਾਚਲ ਪ੍ਰਦੇਸ਼ 'ਚ ਕਈ ਪੜਾਵਾਂ ਵਿੱਚ ਕੀਤਾ ਜਾ ਰਿਹਾ ਹੈ। ਇਹ ਅਭਿਆਸ ਅਜਿਹੇ ਸਮੇਂ ਕੀਤਾ ਜਾ ਰਿਹਾ ਹੈ ਜਦੋਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੂਜੀ ਗੈਰ ਰਸਮੀ ਮੁਲਾਕਾਤ ਲਈ ਭਾਰਤ ਆਉਣਗੇ। ਇਹ ਬੈਠਕ ਮਹਾਂਬਲੀਪੁਰਮ ਵਿੱਚ ਹੋ ਸਕਦੀ ਹੈ।
ਜਾਣਕਾਰੀ ਮੁਤਾਬਕ ਚੀਨੀ ਰਾਸ਼ਟਰਪਤੀ ਜਿਨਪਿੰਗ ਦੇ ਦੌਰੇ ਦੀ ਨਿਗਰਾਨੀ ਕਰਨ ਆਏ ਚੀਨੀ ਉਪ ਵਿਦੇਸ਼ ਮੰਤਰੀ ਨੇ ਵੀਰਵਾਰ ਨੂੰ ਵਿਦੇਸ਼ ਸਕੱਤਰ ਵਿਜੇ ਗੋਖਲੇ ਨਾਲ ਮੁਲਾਕਾਤ ਦੌਰਾਨ ਇਹ ਮੁੱਦਾ ਚੁੱਕਿਆ। ਹਾਲਾਂਕਿ, ਰਾਸ਼ਟਰਪਤੀ ਜਿਨਪਿੰਗ ਦੀ ਭਾਰਤ ਆਉਣ ਦੀ ਤਰੀਕ ਦੀ ਘੋਸ਼ਣਾ ਨਹੀਂ ਕੀਤੀ ਗਈ ਹੈ। ਜਿਨਪਿੰਗ ਦੀ ਇਹ ਮੁਲਾਕਾਤ ਕਸ਼ਮੀਰ ਮੁੱਦੇ 'ਤੇ ਭਾਰਤ-ਚੀਨ ਸਬੰਧਾਂ ਵਿੱਚ ਤਣਾਅ ਦੇ ਵਿਚਕਾਰ ਹੋ ਰਹੀ ਹੈ।



