ਪਾਕਿ ਨੂੰ ਚੀਨ ਨੇ 44 ਹਜ਼ਾਰ ਕਰੋੜ ਦਾ ਕਰਜ਼ਾ ਦੇਣ ਤੋਂ ਪਹਿਲਾਂ ਮੰਗੀ ਵਾਧੂ ਗਾਰੰਟੀ

by vikramsehajpal

ਇਸਲਾਮਾਬਾਦ (ਐਨ.ਆਰ.ਆਈ. ਮੀਡਿਆ) : ਪਾਕਿਸਤਾਨ ਵਿੱਚ ਰੇਲ ਲਾਈਨ ਪ੍ਰਾਜੈਕਟ ਲਈ 6 ਅਰਬ ਡਾਲਰ ਦਾ ਕਰਜ਼ਾ ਦੇਣ ਤੋਂ ਪਹਿਲਾਂ ਚੀਨ ਨੇ ਵਾਧੂ ਗਾਰੰਟੀ ਮੰਗੀ ਹੈ। ਬੀਜਿੰਗ ਨੇ ਪਾਕਿਸਤਾਨ ਦੀ ਖ਼ਰਾਬ ਆਰਥਿਕ ਹਾਲਤ ਦੇ ਮਧੇਨਜ਼ਰ ਇਹ ਕਦਮ ਚੁੱਕਿਆ ਹੈ। ਚੀਨ ਨੇ ਪ੍ਰਾਜੈਕਟ ਨੂੰ ਵਿੱਤੀ ਮਦਦ ਦੇਣ ਲਈ ਕਾਰੋਬਾਰੀ ਅਤੇ ਰਿਆਇਤੀ ਕਰਜ਼ਿਆਂ ਨੂੰ ਮਿਲਾਉਣ ਦਾ ਪ੍ਰਸਤਾਵ ਦਿੱਤਾ ਹੈ ਜੋ ਕਿ ਇਸਲਾਮਾਬਾਦ ਦੇ ਸਸਤੇ ਕਰਜ਼ੇ ਦੀ ਇੱਛਾ ਵਿਰੁੱਧ ਹੈ।

ਜਾਣਕਾਰੀ ਮੁਤਾਬਕ ਚੀਨ ਵੱਲੋਂ ਮੰਗੀ ਗਈ ਵਾਧੂ ਗਾਰੰਟੀ ਦਾ ਮੁੱਦਾ 10 ਦਿਨ ਪਹਿਲਾਂ ਹੋਈ ਤੀਜੀ ਸੰਯੁਕਤ ਐਮਐਲ-1 ਫਾਇਨਾਂਸਿੰਗ ਕਮੇਟੀ ਦੀ ਬੈਠਕ ਦੌਰਾਨ ਚੁੱਕਿਆ ਗਿਆ ਸੀ। ਹਾਲਾਕਿ ਪਾਕਿਸਤਾਨ ਨਾਲ ਸਾਂਝਾ ਕੀਤੇ ਗਏ ਡਰਾਫਟ ਮਿਨਟਸ ਵਿੱਚ ਇਸ ਦਾ ਜ਼ਿਕਰ ਨਹੀਂ ਸੀ। ਜ਼ਿਕਰਯੋਗ ਹੈ ਕਿ ਡਰਾਫਟ ਮਿਨਟਸ ਉੱਤੇ ਅਜੇ ਤੱਕ ਦੋਨਾਂ ਦੇਸ਼ਾਂ ਨੇ ਦਸਤਖ਼ਤ ਨਹੀਂ ਕੀਤੇ। ਐਮਐਲ-1 ਪ੍ਰਾਜੈਕਟ ਤਹਿਤ ਪੇਸ਼ਾਵਰ ਤੋਂ ਕਰਾਚੀ ਤੱਕ 1872 ਕਿਲੋਮੀਟਰ ਰੇਲਵੇ ਟਰੈਕ ਦਾ ਦੋਹਰੀਕਰਨ ਅਤੇ ਅਪਗ੍ਰੇਡੇਸ਼ਨ ਸ਼ਾਮਲ ਹੈ। ਇਹ ਰੇਲ ਟਰੈਕ ਚੀਨ-ਪਾਕਿ ਆਰਥਿਕ ਗਲਿਆਰੇ ਦੇ ਦੂਜੇ ਪੜਾਅ ਦਾ ਮੀਲ ਪੱਥਰ ਹੈ।