60 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ ‘ਤੇ ਚੀਨ ਵਲੋਂ ਟੈਰਿਫ ਵਧਾਉਣ ਦਾ ਐਲਾਨ

by

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਚੀਨ ਨੇ ਸੋਮਵਾਰ ਨੂੰ ਅਮਰੀਕਾ 'ਤੇ ਪਲਟਵਾਰ ਕਰਦਿਆਂ 1 ਜੂਨ ਤੋਂ USA ਤੋਂ ਇੰਪੋਰਟ ਹੋਣ ਵਾਲੇ 60 ਬਿਲੀਅਨ ਡਾਲਰ ਦੇ ਇੰਪੋਰਟ 'ਤੇ ਟੈਰਿਫ ਵਧਾਉਣ ਦਾ ਐਲਾਨ ਕੀਤਾ ਹੈ। ਚੀਨ ਵਲੋਂ 1 ਜੂਨ ਤੋਂ ਅਮਰੀਕੀ ਉਤਪਾਦਾਂ 'ਤੇ ਟੈਰਿਫ ਵਧਾਏ ਜਾਣ ਦੇ ਐਲਾਨ ਤੋਂ ਬਾਅਦ ਸੋਮਵਾਰ ਸਵੇਰੇ ਅਮਰੀਕੀ ਸ਼ੇਅਰ ਬਾਜ਼ਾਰ ਡਿੱਗ ਕੇ ਖੁੱਲ੍ਹੇ ਅਤੇ ਅਮਰੀਕਾ ਸ਼ੇਅਰ ਬਾਜ਼ਾਰ ਦਾ ਇੰਡੈਕਸ ਡਾਓ ਜੋਂਸ 611 ਅੰਕ ਤੱਕ ਡਿੱਗ ਗਿਆ। ਇਸ ਦੌਰਾਨ ਟੈਕਨਾਲੋਜੀ ਸ਼ੇਅਰਾਂ 'ਚ ਭਾਰੀ ਗਿਰਾਵਟ ਵੇਖੀ ਗਈ ਅਤੇ ਤਕਨਾਲੋਜੀ ਦੇ ਸ਼ੇਅਰ 3.4 ਫੀਸਦੀ ਫਿਸਲ ਗਏ।

ਐਪਲ ਦਾ ਸ਼ੇਅਰ ਖਬਰ ਲਿਖੇ ਜਾਣ ਤੱਕ 2.5 ਫੀਸਦੀ ਹੇਠਾਂ ਟ੍ਰੇਡ ਕਰ ਰਿਹਾ ਸੀ। ਇਸ ਤੋਂ ਪਹਿਲਾਂ ਏਸ਼ੀਆਈ ਸ਼ੇਅਰ ਬਾਜ਼ਾਰਾਂ 'ਚ ਵੀ ਗਿਰਾਵਟ ਵੇਖੀ ਗਈ ਸੀ। ਦਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਨੇ ਚੀਨ ਤੋਂ ਇੰਪੋਰਟ ਹੋਣ ਵਾਲੇ 325 ਬਿਲੀਅਨ ਡਾਲਰ ਦੇ ਸਾਮਾਨ 'ਤੇ ਟੈਰਿਫ ਵਧਾਉਣ ਦਾ ਫੈਸਲਾ ਕੀਤਾ ਸੀ। ਚੀਨ ਨੇ ਅਮਰੀਕਾ ਤੋਂ ਇੰਪੋਰਟ ਹੋਣ ਵਾਲੇ ਲਗਭਗ 5 ਹਜ਼ਾਰ ਦੇ ਉਤਪਾਦਾਂ 'ਤੇ 25 ਫੀਸਦੀ ਤੱਕ ਡਿਊਟੀ ਵਧਾਉਣ ਦਾ ਐਲਾਨ ਕੀਤਾ ਹੈ। ਅਮਰੀਕਾ ਦੇ ਕੁਝ ਸਾਮਾਨਾਂ 'ਤੇ 20 ਫੀਸਦੀ ਡਿਊਟੀ ਲਾਈ ਜਾਵੇਗੀ, ਜਦਕਿ ਪਹਿਲਾਂ ਇਨ੍ਹਾਂ 'ਤੇ 5 ਜਾਂ 10 ਫੀਸਦੀ ਡਿਊਟੀ ਲਾਈ ਜਾਂਦੀ ਸੀ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਤੋਂ ਹੋਣ ਵਾਲੇ ਇੰਪੋਰਟ 'ਤੇ ਡਿਊਟੀ 10 ਤੋਂ ਵਧਾ ਕੇ 25 ਫੀਸਦੀ ਕਰ ਦਿੱਤੀ ਸੀ।