ਭਾਰਤ-ਅਮਰੀਕਾ ਤੋਂ ਡਰਿਆ ਚੀਨ, ਰੱਖਿਆ ਬਜਟ ਲਈ 209 ਅਰਬ ਡਾਲਰ ਕੀਤਾ

by vikramsehajpal

ਪੇਈਚਿੰਗ (ਦੇਵ ਇੰਦਰਜੀਤ)- ਚੀਨ ਨੇ ਪਿਛਲੇ ਵਰ੍ਹੇ ਦੇ ਮੁਕਾਬਲੇ 6.8 ਫ਼ੀਸਦ ਵਾਧਾ ਕਰਦਿਆਂ ਇਸ ਵਾਰ ਰੱਖਿਆ ਬਜਟ ਲਈ 209 ਅਰਬ ਡਾਲਰ ਰੱਖੇ ਹਨ। ਚੀਨ ਵੱਲੋਂ ਪਹਿਲੀ ਵਾਰ ਰੱਖਿਆ ਬਜਟ ਵਾਸਤੇ 200 ਅਰਬ ਡਾਲਰ ਤੋਂ ਵੱਧ ਦੀ ਰਕਮ ਰੱਖੀ ਗਈ ਹੈ। ਇਹ ਭਾਰਤ ਦੇ ਰੱਖਿਆ ਬਜਟ ਤੋਂ 3 ਗੁਣਾ ਵੱਧ ਹੈ। ਭਾਰਤ ਵੱਲੋਂ ਰੱਖਿਆ ਬਜਟ ਲਈ 65.7 ਅਰਬ ਡਾਲਰ (ਪੈਨਸ਼ਨਾਂ ਸਮੇਤ) ਰੱਖੇ ਗਏ ਹਨ।

ਸਰਕਾਰੀ ਨਿਊਜ਼ ਏਜੰਸੀ ਸਿਨਹੂਆ ਮੁਤਾਬਕ ਰੱਖਿਆ ਬਜਟ ’ਚ ਵਾਧੇ ਦਾ ਐਲਾਨ ਨੈਸ਼ਨਲ ਪੀਪਲਜ਼ ਕਾਂਗਰਸ (ਐੱਨਸੀਪੀ) ’ਚ ਛੇਵੇਂ ਸਾਲਾਨਾ ਸੈਸ਼ਨ ਦੇ ਦੂਜੇ ਦਿਨ ਅੱਜ ਪ੍ਰਧਾਨ ਮੰਤਰੀ ਲੀ ਕਿਆਂਗ ਨੇ ਕੀਤਾ। ਚੀਨ ਵੱਲੋਂ ਰੱਖਿਆ ਬਜਟ ’ਚ ਇਹ ਵਾਧਾ ਪੂਰਬੀ ਲੱਦਾਖ ’ਚ ਭਾਰਤ ਨਾਲ ਫ਼ੌਜੀ ਤਣਾਅ ਤੋਂ ਇਲਾਵਾ ਅਮਰੀਕਾ ਨਾਲ ਵਧ ਰਹੇ ਰਾਜਨੀਤਕ ਅਤੇ ਫ਼ੌਜੀ ਤਣਾਅ ਦੌਰਾਨ ਕੀਤਾ ਗਿਆ ਹੈ। ਗਲੋਬਲ ਟਾਈਮਜ਼ ਮੁਤਾਬਕ ਚੀਨ ਵੱਲੋਂ ਪਿਛਲੇ ਵਰ੍ਹੇ ਰੱਖਿਆ ਬਜਟ ਲਈ 196.44 ਅਰਬ ਡਾਲਰ ਰੱਖੇ ਗਏ ਸਨ।

ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਐੱਨਸੀਪੀ ਦੇ ਤਰਜਮਾਨ ਝਾਂਗ ਯਸੂਈ ਨੇ ਰੱਖਿਆ ਬਜਟ ’ਚ ਵਾਧੇ ਦਾ ਬਚਾਅ ਕਰਦਿਆਂ ਕਿਹਾ ਕਿ ਚੀਨ ਵੱਲੋਂ ਬਜਟ ’ਚ ਵਾਧਾ ਦੇਸ਼ ਦੀ ਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਲਿਆ ਗਿਆ ਹੈ।