ਗੁਆਂਢੀ ਦੇਸ਼ਾਂ ਨਾਲ ਜ਼ੋਰ ਜ਼ਬਰਦਸਤੀ ਵਾਲਾ ਵਿਵਹਾਰ ਕਰ ਰਿਹਾ ਚੀਨ : ਅਮਰੀਕਾ

by mediateam

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਜੌਨ ਬੋਲਟਨ ਨੇ ਕਿਹਾ ਕਿ ਚੀਨ ਦੇ ਵਰਤਾਅ ਨਾਲ ਹਿੰਦ-ਪ੍ਰਸ਼ਾਂਤ ਖੇਤਰ 'ਚ ਸ਼ਾਂਤੀ ਤੇ ਸਥਿਰਤਾ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਉਹ ਆਪਣੇ ਦੱਖਣ-ਪੂਰਬ ਏਸ਼ਿਆਈ ਗੁਆਂਢੀ ਦੇਸ਼ਾਂ ਨਾਲ ਜ਼ੋਰ ਜ਼ਬਰਦਸਤੀ ਵਾਲਾ ਵਿਵਹਾਰ ਕਰ ਰਿਹਾ ਹੈ। ਬੋਲਟਨ ਨੇ ਸ਼ੁੱਕਰਵਾਰ ਨੂੰ ਟਵਿੱਟਰ 'ਤੇ ਲਿਖਿਆ, 'ਹਿੰਦ-ਪ੍ਰਸ਼ਾਂਤ ਖੇਤਰ 'ਚ ਖ਼ੁਦਮੁਖ਼ਤਾਰੀ ਤੇ ਸੁਤੰਤਰ ਆਵਾਜਾਈ ਦਾ ਸਨਮਾਨ ਕਰਨਾ ਅਮਰੀਕਾ ਤੇ ਆਸਿਆਨ (ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ੰਸ) ਦਾ ਸਾਂਝਾ ਮਕਸਦ ਹੈ। 

ਚੀਨ ਦਾ ਆਪਣੇ ਦੱਖਣ ਪੂੁਰਬ ਏਸ਼ਿਆਈ ਗੁਆਂਢੀ ਦੇਸ਼ਾਂ ਨਾਲ ਦਬੰਗਪੁਣੇ ਵਾਲਾ ਵਿਵਹਾਰ ਨਿੰਦਨਯੋਗ ਹੈ। ਇਸ ਨਾਲ ਖੇਤਰੀ ਸ਼ਾਂਤੀ ਤੇ ਸਥਿਰਤਾ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ।' ਦੱਸਣਯੋਗ ਹੈ ਕਿ ਵਿਵਾਦਤ ਚੀਨ ਸਾਗਰ 'ਚ ਸੁਤੰਤਰ ਆਵਾਜਾਈ ਯਕੀਨੀ ਕਰਨ ਲਈ ਅਮਰੀਕਾ ਲਗਾਤਾਰ ਮੁਹਿੰਮ ਚਲਾਉਂਦਾ ਰਹਿੰਦਾ ਹੈ, ਜਦਕਿ ਚੀਨ ਇਸ ਦਾ ਵਿਰੋਧ ਕਰਦਾ ਹੈ। ਉਹ ਲਗਪਗ ਪੂਰੇ ਦੱਖਣੀ ਚੀਨ ਸਾਗਰ 'ਤੇ ਆਪਣਾ ਦਾਅਵਾ ਕਰਦਾ ਹੈ। ਉਸ ਨੇ ਖੇਤਰ 'ਚ ਕਈ ਨਕਲੀ ਟਾਪੂ ਵਿਕਸਤ ਕਰ ਦਿੱਤੇ ਹਨ। ਇਨ੍ਹਾਂ ਟਾਪੂਆਂ 'ਤੇ ਸੈਨਿਕ ਸਾਜ਼ੋ ਸਾਮਾਨ ਦੀ ਤਾਇਨਾਤੀ ਵੀ ਹੈ। ਚੀਨ ਦੇ ਇਸ ਕਦਮ ਦਾ ਅਮਰੀਕਾ ਸਮੇਤ ਫਿਲਪੀਨ ਤੇ ਵੀਅਤਨਾਮ ਜਿਹੇ ਦੇਸ਼ ਵਿਰੋਧ ਕਰਦੇ ਰਹੇ ਹਨ।