ਭਾਰਤੀ ਨਾਗਰਿਕ ਦੇ ਬਣਾਏ clubhouse ਐਪ ਨੂੰ ਚੀਨ ਨੇ ਕੀਤਾ ਬੈਨ

by vikramsehajpal

ਬੀਜਿੰਗ (ਦੇਵ ਇੰਦਰਜੀਤ)- ਚੀਨ ਦੀ ਸਰਕਾਰ ਨੇ ਆਡੀਓ ਆਧਾਰਤ ਐਪ 'ਕਲੱਬਹਾਊਸ' 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਆਡੀਓ ਚੈਟ ਬੇਸਡ ਐਪ ਨੂੰ ਅਮਰੀਕਾ ’ਚ ਰਹਿਣ ਵਾਲੇ ਭਾਰਤੀ ਰੋਹਨ ਸੇਠ ਨੇ ਪਾਲ ਡੈਵਿਡਸਨ ਨਾਲ ਮਿਲ ਕੇ ਬਣਾਇਆ ਸੀ।

ਇਹ ਇਕ ਸੋਸ਼ਲ ਮੀਡੀਆ ਐਪ ਹੈ ਜਿਸ ਦੇ ਮਾਧਿਅਮ ਰਾਹੀਂ ਚੀਨ ਦੇ ਯੂਜ਼ਰ ਤਾਇਵਾਨ ਸਮੇਤ ਵਿਦੇਸ਼ਾਂ ਵਿਚ ਰਹਿਣ ਵਾਲੇ ਲੋਕਾਂ ਨਾਲ ਸੰਵੇਦਨਸ਼ੀਲ ਵਿਸ਼ਿਆਂ 'ਤੇ ਚਰਚਾ ਕਰਦੇ ਸਨ। ਪਹਿਲੇ ਵੀ ਇਹ ਐਪ ਸਾਰਿਆਂ ਨੂੰ ਉਪਲੱਬਧ ਨਹੀਂ ਸੀ। ਇਸ ਨਾਲ ਤੁਸੀਂ ਤਦ ਜੁੜ ਸਕਦੇ ਹੋ ਜਦੋਂ ਤੁਹਾਨੂੰ ਕੋਈ ਇਨਵਾਈਟ ਕਰਦਾ ਹੈ। ਕਿਉਂਕਿ ਐਪ ਪੂਰੀ ਤਰ੍ਹਾਂ ਨਾਲ ਇਨਕ੍ਰਿਪਟਿਡ ਹੈ ਅਤੇ ਚੀਨ ਦੀ ਸਰਕਾਰ ਨੂੰ ਲੱਗਦਾ ਹੈ ਕਿ ਇਸ ਐਪ 'ਤੇ ਸਰਕਾਰ ਵਿਰੋਧੀ ਗੱਲਾਂ ਹੋ ਰਹੀਆਂ ਹਨ ਜਿਸ ਕਾਰਨ ਇਸ 'ਤੇ ਪਾਬੰਦੀ ਲਗਾ ਦਿੱਤੀ ਗਈ। 'ਕਲੱਬਹਾਊਸ' ਉਨ੍ਹਾਂ ਹਜ਼ਾਰਾਂ ਵੈੱਬਸਾਈਟ ਅਤੇ ਐਪ ਵਿਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਖ਼ਿਲਾਫ਼ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਕਦਮ ਚੁੱਕੇ ਹਨ।

ਚੀਨ ਦੇ ਇੰਟਰਨੈੱਟ ਫਿਲਟਰ 'ਤੇ ਨਜ਼ਰ ਰੱਖਣ ਵਾਲਾ ਅਮਰੀਕਾ ਦਾ ਗ਼ੈਰ ਲਾਭਕਾਰੀ ਸੰਗਠਨ ਗ੍ਰੇਟਫਾਇਰਡਾਟਓਆਰਜੀ ਮੁਤਾਬਕ ਬੀਜਿੰਗ ਵਿਚ ਸੋਮਵਾਰ ਸ਼ਾਮ ਸੱਤ ਵਜੇ ਤੋਂ ਸਰਵਿਸ ਬੰਦ ਹੋ ਗਈ। ਵੈਸੇ ਤਾਂ ਚੀਨ ਦੀ ਸਰਕਾਰ ਇੰਟਰਨੈੱਟ ਫਿਲਟਰ ਦੀ ਹੋਂਦ ਨੂੰ ਨਕਾਰਦੀ ਹੈ ਪ੍ਰੰਤੂ ਵਿਦੇਸ਼ਾਂ ਵਿਚ ਬੈਠੇ ਖੋਜਕਰਤਾਵਾਂ ਨੇ ਸਰਕਾਰੀ ਮਾਲਕੀ ਵਾਲੀ ਚਾਈਨਾ ਟੈਲੀਕਾਮ ਲਿਮਟਿਡ ਦੇ ਸਰਵਰ ਵਿਚ ਆਈਆਂ ਰੁਕਾਵਟਾਂ ਦਾ ਪਤਾ ਲਗਾ ਕੇ ਇਸ ਦੀ ਪੁਸ਼ਟੀ ਕੀਤੀ। ਇਸ ਐਪ ਦੇ ਬਾਰੇ ਵਿਚ ਸਰਕਾਰ ਨੂੰ ਪਤਾ ਚੱਲਿਆ ਕਿ ਹੁਣ ਆਮ ਲੋਕ ਉਈਗਰ ਮੁਸਲਿਮਾਂ 'ਤੇ ਹੋ ਰਹੇ ਅੱਤਿਆਚਾਰ ਵਰਗੇ ਵਿਸ਼ਿਆਂ 'ਤੇ ਗੱਲ ਕਰ ਰਹੇ ਸਨ। ਅਜਿਹੇ ਸਮੇਂ ਚੀਨ ਦੀ ਸਰਕਾਰ ਨੂੰ ਲੱਗਾ ਕਿ ਇਸ ਨਾਲ ਜਨਤਾ ਭੜਕ ਸਕਦੀ ਹੈ, ਇਸ ਲਈ ਤੁਰੰਤ ਇਸ ਐਪ 'ਤੇ ਅਧਿਕਾਰਤ ਪਾਬੰਦੀ ਲਗਾ ਦਿੱਤੀ ਗਈ।