ਚੀਨ ਦਾ ਨੇਪਾਲ ਦੇ ਦੌਲਖਾ ਜ਼ਿਲ੍ਹੇ ‘ਤੇ ਕਬਜ਼ਾ

by vikramsehajpal

ਕਾਠਮੰਡੂ (ਦੇਵ ਇੰਦਰਜੀਤ) : ਨੇਪਾਲ ਦੇ ਗ੍ਰਹਿ ਮੰਤਰਾਲੇ ਨੇ ਚੀਨ ਦੀ ਇਸ ਹਰਕਤ 'ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਅਜਿਹਾ ਦੌਲਖਾ ਜ਼ਿਲ੍ਹੇ ਦੇ ਵੀਗੂ ਪਿੰਡ 'ਚ ਹੋਇਆ ਹੈ। ਗ੍ਰਹਿ ਮੰਤਰਾਲੇ ਨੇ ਇਸ ਮਨਸ਼ਾ ਦੀ ਸੂਚਨਾ ਵਿਦੇਸ਼ ਮੰਤਰਾਲੇ ਨੂੰ ਦੇ ਦਿੱਤੀ ਹੈ, ਉਹ ਚੀਨ ਨਾਲ ਇਸ ਬਾਬਤ ਗੱਲ ਕਰੇਗਾ। ਯਾਦ ਰਹੇ ਕਿ ਨੇਪਾਲ ਤੇ ਚੀਨ ਵਿਚਾਲੇ ਦੀ ਸਰਹੱਦ ਦਾ ਨਿਰਧਾਰਨ ਦੋਵੇਂ ਧਿਰਾਂ ਦੀ ਰਜ਼ਾਮੰਦੀ ਨਾਲ 1960 'ਚ ਹੋਇਆ ਸੀ।

ਚੀਨ ਆਪਣੇ ਗੁਆਂਢੀ ਦੇਸ਼ ਦੀ ਪ੍ਰਭੂਸੱਤਾ 'ਤੇ ਸੱਟ ਮਾਰ ਕੇ ਉਸ ਦੀ ਜ਼ਮੀਨ 'ਤੇ ਕਬਜ਼ਾ ਕਰਨ ਦਾ ਕੋਈ ਮੌਕਾ ਨਹੀਂ ਛੱਡਦਾ। ਤਾਜ਼ਾ ਮਾਮਲਾ ਨੇਪਾਲ ਦਾ ਹੈ। ਚੰਗੇ ਸਬੰਧਾਂ ਦੇ ਬਾਵਜੂਦ ਚੀਨ ਨੇ ਨੇਪਾਲ ਦੇ ਸਰਹੱਦੀ ਜ਼ਿਲ੍ਹੇ ਦੌਲਖਾ ਦੀ ਹੱਦ 'ਤੇ ਲੱਗੇ ਪਿੱਲਰ ਗ਼ਾਇਬ ਕਰ ਕੇ ਵੱਡੇ ਹਿੱਸੇ 'ਚ ਕਬਜ਼ਾ ਕਰ ਲਿਆ ਹੈ। ਇਸ ਤੋਂ ਪਹਿਲਾਂ ਵੀ ਚੀਨ ਨੇਪਾਲ ਦੇ ਕਈ ਹੋਰ ਸਰਹੱਦੀ ਇਲਾਕਿਆਂ 'ਚ ਅਜਿਹੀਆਂ ਹਰਕਤਾਂ ਕਰ ਚੁੱਕਾ ਹੈ ਤੇ ਨੇਪਾਲ ਦੀ ਧਰਤੀ 'ਤੇ ਸਥਾਈ ਨਿਰਮਾਣ ਤੇ ਸੜਕ ਬਣਾ ਚੁੱਕਾ ਹੈ।

ਇਸ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ 1961 'ਚ ਸਰਹੱਦੀ ਸਮਝੌਤਾ ਹੋਇਆ ਤੇ ਸਰਹੱਦ 'ਤੇ ਪਿੱਲਰ ਲਾਏ ਸਨ। ਇਸ ਸਮਝੌਤੇ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਸਰਹੱਦੀ ਇਲਾਕਿਆਂ 'ਚ ਕਈ ਬਦਲਾਅ ਹੋਏ ਪਰ ਸਰਹੱਦੀ ਲਕੀਰ ਨਹੀਂ ਬਦਲੀ। ਬਾਅਦ ਦੇ ਸਾਲਾਂ 'ਚ ਦੋਵੇਂ ਦੇਸ਼ਾਂ ਦੀ ਸਰਹੱਦਾਂ 'ਤੇ 76 ਸਥਾਈ ਪਿੱਲਰ ਵੀ ਖੜ੍ਹੇ ਕੀਤੇ ਗਏ ਸਨ ਪਰ ਹੁਣ ਚੀਨ ਮੌਜੂਦਾ ਸਥਿਤੀ ਨੂੰ ਬਦਲਣ ਦਾ ਯਤਨ ਕਰ ਰਿਹਾ ਹੈ।

ਇਸ ਤੋਂ ਪਹਿਲਾਂ ਸਤੰਬਰ 2020 'ਚ ਚੀਨ ਨੇ ਨੇਪਾਲ ਦੇ ਸਰਹੱਦੀ ਹੁਮਲਾ ਜ਼ਿਲ੍ਹੇ 'ਚ ਨੇਪਾਲੀ ਜ਼ਮੀਨ 'ਤੇ ਕਬਜ਼ਾ ਕਰਦਿਆਂ ਇਥੇ 11 ਇਮਾਰਤਾਂ ਤੇ ਸੜਕ ਦਾ ਨਿਰਮਾਣ ਕਰ ਲਿਆ ਸੀ। ਨੇਪਾਲ ਨੇ ਹੁਣ ਜਦੋਂ ਇਸ 'ਤੇ ਇਤਰਾਜ਼ ਪ੍ਰਗਟਾਇਆ ਤਾਂ ਚੀਨ ਨੇ ਉਸ ਨੂੰ ਅਣਸੁਣਿਆ ਕਰ ਦਿੱਤਾ। ਕਿਹਾ ਕਿ ਉਸ ਨੇ ਆਪਣੀ ਜ਼ਮੀਨ 'ਤੇ ਉਸਾਰੀ ਕੀਤੀ ਹੈ। ਇਸ ਤੋਂ ਬਾਅਦ ਨੇਪਾਲ 'ਚ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਹੋਏ। ਕਾਠਮੰਡੂ 'ਚ ਚੀਨੀ ਸਫ਼ਾਰਤਖਾਨੇ ਦੇ ਸਾਹਮਣੇ ਪ੍ਰਦਰਸ਼ਨ ਕਰ ਕੇ ਲੋਕਾਂ ਨੇ ਚੀਨੀ ਵਿਸਥਾਰਵਾਦ ਨੂੰ ਰੋਕਣ ਦੀ ਮੰਗ ਕੀਤੀ।

ਵਿਰੋਧੀ ਦਲ ਨੇਪਾਲੀ ਕਾਂਗਰਸ ਨੇ ਵੀ ਵਿਰੋਧ ਪ੍ਰਗਟਾਇਆ ਪਰ ਸਰਹੱਦ 'ਤੇ ਕਬਜ਼ੇ ਦੀ ਸਥਿਤੀ ਬਣੀ ਰਹੀ। ਮੌਕੇ ਤੋਂ ਆਈ ਰਿਪੋਰਟ 'ਚ ਪਤਾ ਲੱਗਾ ਕਿ ਚੀਨ ਨੇ ਹੁਮਲਾ 'ਚ ਸਰਹੱਦ ਨੂੰ ਦਰਸਾਉਣ ਵਾਲੇ ਪਿੱਲਰ ਹਟਾ ਕੇ ਜ਼ਮੀਨ 'ਤੇ ਕਬਜ਼ਾ ਲਿਆ। ਇਥੇ ਦਹਾਕਿਆਂ ਤਕ ਲੱਗੇ ਪਿੱਲਰਾਂ ਦਾ ਹੁਣ ਕੋਈ ਅਤਾ-ਪਤਾ ਨਹੀਂ ਹੈ।