ਤਾਲਿਬਾਨ ਦੇ ਹੱਕ ਚ ਬੋਲਿਆ ਚੀਨ,ਆਰਥਿਕ ਪਾਬੰਦੀਆਂ ਲਾਉਣਾ ਹੋਵੇਗਾ ਗ਼ਲਤ

by vikramsehajpal

ਚੀਨ (ਦੇਵ ਇੰਦਰਜੀਤ) : ਅਫਗਾਨਿਸਤਾਨ ਦੇ ਸੰਕਟ ਅਤੇ ਤਾਲਿਬਾਨ ’ਤੇ ਸੰਭਾਵਿਤ ਆਰਥਿਕ ਪਾਬੰਦੀਆਂ ’ਤੇ ਚਰਚਾ ਕਰਨ ਲਈ ਜੀ7 ਦੇਸ਼ਾਂ ਦੀ ਮੰਗਲਵਾਰ ਨੂੰ ਪ੍ਰਸਤਾਵਿਤ ਬੈਠਕ ਤੋਂ ਪਹਿਲਾਂ ਚੀਨ ਨੇ ਕਿਹਾ ਹੈ ਕਿ ਅਮਰੀਕਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਬੀਤੇ ਤੋਂ ਸਬਕ ਸਿੱਖਣਾ ਚਾਹੀਦਾ ਹੈ ਅਤੇ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਚੀਨ ਨੇ ਕਿਹਾ ਕਿ ਤਾਲਿਬਾਨ ਖ਼ਿਲਾਫ਼ ਪਾਬੰਦੀਆਂ ਲਾਉਣ ਦਾ ਕਦਮ ਸਾਰਥਿਕ ਸਾਬਤ ਨਹੀਂ ਹੋਵੇਗਾ।

ਜੀ7 ਦੇਸ਼ਾਂ ’ਚ ਬ੍ਰਿਟੇਨ ਤੋਂ ਇਲਾਵਾ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਅਤੇ ਅਮਰੀਕਾ ਹਨ। ਜੀ7 ਦੇਸ਼ਾਂ ਦੇ ਨੇਤਾਵਾਂ ਦੀ ਮੰਗਲਵਾਰ ਨੂੰ ਇੱਕ ਵਰਚੁਅਲ ਮੀਟਿੰਗ ਹੋਵੇਗੀ, ਜਿਸ ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਦੀ ਸਥਿਤੀ ’ਤੇ ਚਰਚਾ ਕੀਤੀ ਜਾਵੇਗੀ। ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਮੀਟਿੰਗ ਦੀ ਪ੍ਰਧਾਨਗੀ ਕਰਨਗੇ।

ਜਾਨਸਨ ਨੇ ਮੀਟਿੰਗ ਤੋਂ ਪਹਿਲਾਂ ਕਿਹਾ ਕਿ ਤਾਲਿਬਾਨ ਨੂੰ ਉਸ ਦੀਆਂ ਗੱਲਾਂ ਨਾਲ ਨਹੀਂ, ਉਨ੍ਹਾਂ ਦੇ ਕੰਮਾਂ ਰਾਹੀਂ ਆਂਕਿਆ ਜਾਵੇਗਾ। ਅਮਰੀਕੀ ਫ਼ੌਜੀਆਂ ਦੀ ਵਾਪਸੀ ਤੋਂ ਦੋ ਹਫ਼ਤੇ ਪਹਿਲਾਂ 15 ਅਗਸਤ ਨੂੰ ਤਾਲਿਬਾਨ ਨੇ ਅਫ਼ਗਾਨਿਸਤਾਨ ’ਚ ਸੱਤਾ ਹਥਿਆ ਲਈ, ਜਿਸ ਨਾਲ ਰਾਸ਼ਟਰਪਤੀ ਅਸ਼ਰਫ਼ ਗਨੀ ਨੂੰ ਦੇਸ਼ ਛੱਡ ਕੇ ਸੰਯੁਕਤ ਅਰਬ ਅਮੀਰਾਤ ਯੂ. ਏ. ਈ. ਜਾਣ ਲਈ ਮਜਬੂਰ ਹੋਣਾ ਪਿਆ।

ਡਾਊਨਿੰਗ ਸਟ੍ਰੀਟ ਨੇ ਕਿਹਾ ਕਿ ਮੀਟਿੰਗ ਦੌਰਾਨ ਜੌਹਨਸਨ ਸਮੂਹ ਸੱਤ ਦੇ ਨੇਤਾਵਾਂ ਨੂੰ ਅਫਗਾਨਿਸਤਾਨ ਦੇ ਲੋਕਾਂ ਦੇ ਨਾਲ ਖੜ੍ਹੇ ਹੋਣ ਅਤੇ ਸ਼ਰਨਾਰਥੀ ਅਤੇ ਮਨੁੱਖਤਾਵਾਦੀ ਸਹਾਇਤਾ ਨੂੰ ਮਜ਼ਬੂਤ ​​ਕਰਨ ਲਈ ਕਹਿਣਗੇ। ਤਾਲਿਬਾਨ ’ਤੇ ਨਵੀਆਂ ਪਾਬੰਦੀਆਂ ਲਾਉਣ ਦੀ ਜੀ-7 ਨੇਤਾਵਾਂ ਦੀ ਯੋਜਨਾ ’ਤੇ ਉਨ੍ਹਾਂ ਦੀ ਪ੍ਰਤੀਕਿਰਿਆ ਬਾਰੇ ਪੁੱਛੇ ਜਾਣ ’ਤੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਇਥੇ ਇੱਕ ਨਿਊਜ਼ ਕਾਨਫਰੰਸ ’ਚ ਕਿਹਾ ਕਿ ਪਾਬੰਦੀਆਂ ਅਤੇ ਦਬਾਅ ਬਣਾਉਣ ਨਾਲ ਸਮੱਸਿਆ ਹੱਲ ਨਹੀਂ ਹੋਵੇਗੀ।

ਸਾਡਾ ਮੰਨਣਾ ਹੈ ਕਿ “ਅਫਗਾਨਿਸਤਾਨ ਇੱਕ ਸੁਤੰਤਰ, ਪ੍ਰਭੂਸੱਤਾ ਵਾਲਾ ਦੇਸ਼ ਹੈ। ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੂੰ ਅਤੀਤ ਤੋਂ ਸਿੱਖਣਾ ਚਾਹੀਦਾ ਹੈ ਅਤੇ ਅਫਗਾਨਿਸਤਾਨ ਨਾਲ ਜੁੜੇ ਮੁੱਦਿਆਂ ’ਤੇ ਸਮਝਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ।’’ ਸਾਡਾ ਮੰਨਣਾ ਹੈ ਕਿ ਅਫਗਾਨਿਸਤਾਨ ’ਚ ਸ਼ਾਂਤੀ ਅਤੇ ਪੁਨਰ ਨਿਰਮਾਣ ਨੂੰ ਅੱਗੇ ਵਧਾਉਂਦੇ ਹੋਏ ਅੰਤਰਰਾਸ਼ਟਰੀ ਭਾਈਚਾਰੇ ਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਲੋਕਤੰਤਰ ਦੇ ਬਹਾਨੇ ਫੌਜੀ ਦਖਲਅੰਦਾਜ਼ੀ ਨੂੰ ਕਿਵੇਂ ਰੋਕਿਆ ਜਾਵੇ।