ਬੰਗਲਾਦੇਸ਼ ਦੇ ਕਵਾਡ ‘ਚ ਸ਼ਾਮਲ ਹੋਣ ਨਾਲ ਚੀਨ ਕਰੇਗਾ ਸਖ਼ਤ ਕਾਰਵਾਈ

by vikramsehajpal

ਢਾਕਾ (ਦੇਵ ਇੰਦਰਜੀਤ) : ਬੰਗਲਾਦੇਸ਼ ਇਸ ਚੀਨ ਵਿਰੋਧੀ ਗੱਠਜੋੜ 'ਚ ਸ਼ਾਮਲ ਹੁੰਦਾ ਹੈ ਤਾਂ ਇਸ ਨਾਲ ਦੁਵੱਲੇ ਸਬੰਧਾਂ ਨੂੰ ਨੁਕਸਾਨ ਹੋਵੇਗਾ। ਕਵਾਡ ਨੂੰ ਲੈ ਕੇ ਚੀਨ ਦੀ ਬੈਚੇਨੀ ਵਧਦੀ ਜਾ ਰਹੀ ਹੈ। ਉਂਜ ਤਾਂ ਇਹ ਕਈ ਵਾਰ ਇਸ ਗੱਠਜੋੜ ਨੂੰ ਲੈ ਕੇ ਆਪਣੀ ਨਾਖ਼ੁਸ਼ੀ ਦਾ ਇਜ਼ਹਾਰ ਕਰ ਚੁੱਕਾ ਹੈ ਪਰ ਇਸ ਵਾਰ ਇਸ ਨੇ ਬੰਗਲਾਦੇਸ਼ ਨੂੰ ਇਸ 'ਚ ਸ਼ਾਮਲ ਨਾ ਹੋਣ ਦੀ ਚਿਤਾਵਨੀ ਦਿੱਤੀ ਹੈ।

ਬੰਗਲਾਦੇਸ਼ 'ਚ ਚੀਨੀ ਰਾਜਦੂਤ ਲੀ ਜਿਮਿੰਗ ਦੀ ਇਹ ਗ਼ੈਰ-ਸਾਧਾਰਨ ਚਿਤਾਵਨੀ ਚੀਨ ਦੇ ਰੱਖਿਆ ਮੰਤਰੀ ਜਨਰਲ ਵੇਈ ਫੈਂਗ ਦੀ ਢਾਕਾ ਯਾਤਰਾ ਦੇ ਕੁਝ ਹਫ਼ਤਿਆਂ ਬਾਅਦ ਸਾਹਮਣੇ ਆਈ ਹੈ। ਬੰਗਲਾਦੇਸ਼ ਦੇ ਰਾਸ਼ਟਰਪਤੀ ਅਬਦੁੱਲ ਹਾਮਿਦ ਨਾਲ ਮੁਲਾਕਾਤ ਦੌਰਾਨ ਜਨਰਲ ਫੈਂਗ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਦੋਵੇਂ ਦੇਸ਼ਾਂ ਨੂੰ ਦੱਖਣੀ ਏਸ਼ੀਆ 'ਚ ਬਾਹਰੀ ਸ਼ਕਤੀਆਂ ਵੱਲੋਂ ਫ਼ੌਜ ਗੱਠਜੋੜ ਬਣਾਉਣ ਦੇ ਯਤਨਾਂ ਦਾ ਰਲ ਕੇ ਵਿਰੋਧ ਕਰਨਾ ਚਾਹੀਦਾ।

ਡਿਜੀਟਲ ਬੈਠਕ 'ਚ ਲੀ ਨੇ ਕਿਹਾ, ਬੰਗਲਾਦੇਸ਼ ਲਈ ਚਾਰ ਦੇਸ਼ਾਂ ਦੇ ਇਸ ਛੋਟੇ ਜਿਹੇ ਕਲੱਬ ਕਵਾਡ 'ਚ ਸ਼ਾਮਲ ਹੋਣਾ ਯਕੀਨਨ ਤੌਰ 'ਤੇ ਸਹੀ ਵਿਚਾਰ ਨਹੀਂ ਹੋਵੇਗਾ, ਕਿਉਂਕਿ ਇਸ ਨਾਲ ਦੁਵੱਲੇ ਸਬੰਧਾਂ ਨੂੰ ਭਾਰੀ ਨੁਕਸਾਨ ਪੁੱਜੇਗਾ।ਚੀਨ ਦੇ ਰਾਜਦੂਤ ਦੇ ਇਸ ਵਿਵਾਦਤ ਬਿਆਨ 'ਤੇ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਡਾਕਟਰ ਏਕੇ ਅਬਦੁੱਲ ਮੋਮਿਨ ਨੇ ਕਿਹਾ ਕਿ ਬੰਗਲਾਦੇਸ਼ ਗੁੱਟ-ਨਿਰਲੇਪ ਤੇ ਸੰਤੁਲਿਤ ਵਿਦੇਸ਼ ਨੀਤੀ ਦੀ ਪਾਲਣਾ ਕਰਦਾ ਹੈ ਤੇ ਉਹ ਖ਼ੁਦ ਤੈਅ ਕਰੇਗਾ ਕਿ ਇਨ੍ਹਾਂ ਸਿਧਾਂਤਾਂ ਅਨੁਸਾਰ ਕੀ ਕੀਤਾ ਜਾਣਾ ਚਾਹੀਦਾ।

ਮੋਮਿਨ : ਅਸੀਂ ਆਪਣੀ ਵਿਦੇਸ਼ ਨੀਤੀ ਖ਼ੁਦ ਤੈਅ ਕਰਦੇ ਹਾਂ। ਹਾਲਾਂਕਿ, ਕੋਈ ਦੇਸ਼ ਆਪਣਾ ਰੁਖ਼ ਦੱਸ ਸਕਦਾ ਹੈ। ਵਿਦੇਸ਼ ਮੰਤਰੀ ਨੇ ਕਿਹਾ, ਉਹ (ਚੀਨੀ ਰਾਜਦੂਤ) ਇਕ ਦੇਸ਼ ਦੀ ਪ੍ਰਤੀਨਿਧਤਾ ਕਰਦੇ ਹਨ। ਉਹ ਜੋ ਕਹਿਣਾ ਚਾਹੁੰਦੇ ਹਨ, ਕਹਿ ਸਕਦੇ ਹਨ। ਹੋ ਸਕਦਾ ਹੈ ਕਿ ਉਹ ਅਜਿਹਾ (ਬੰਗਲਾਦੇਸ਼ ਦਾ ਕਵਾਡ 'ਚ ਸ਼ਾਮਲ ਹੋਣਾ) ਨਾ ਚਾਹੁੰਦੇ ਹੋ। ਨਾਲ ਹੀ ਮੋਮਿਨ ਨੇ ਕਿਹਾ ਕਿ ਹਾਲੇ ਤਕ ਕਵਾਡ ਦੇ ਕਿਸੇ ਵੀ ਮੈਂਬਰ ਨੇ ਬੰਗਲਾਦੇਸ਼ ਨਾਲ ਸੰਪਰਕ ਨਹੀਂ ਕੀਤਾ ਹੈ। ਸਮਾਚਾਰ ਏਜੰਸੀ ਯੂਨਾਈਟਿਡ ਨਿਊਜ਼ ਆਫ ਬੰਗਲਾਦੇਸ਼ (ਯੂਐੱਨਬੀ) ਨੇ ਵਿਦੇਸ਼ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਰਾਜਦੂਤ ਨੇ ਕਾਹਲ 'ਚ ਇਹ ਟਿੱਪਣੀ ਕੀਤੀ।

More News

NRI Post
..
NRI Post
..
NRI Post
..