ਵੈੱਬ ਡੈਸਕ (ਦੇਵ ਇੰਦਰਜੀਤ) : ਭਾਰਤ ਬਾਰੇ ਚੀਨ ਦਾ ਦੋਹਰਾ ਰਵਈਆ ਇਕ ਵਾਰ ਫਿਰ ਉਜਾਗਰ ਹੋਇਆ ਹੈ। ਇਕ ਪਾਸੇ ਤਾਂ ਇਹ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਨ 'ਚ ਮਦਦ ਦੀ ਪੇਸ਼ਕਸ਼ ਕਰ ਰਿਹਾ ਹੈ, ਦੂਜੇ ਪਾਸੇ ਇਸ ਨੇ ਮੈਡੀਕਲ ਸਪਲਾਈ ਦੇ ਰਸਤੇ 'ਚ ਰੋੜਾ ਵੀ ਅਟਕਾ ਦਿੱਤਾ ਹੈ। ਚੀਨ ਦੀ ਸਰਕਾਰੀ ਹਵਾਈ ਕੰਪਨੀ ਸਿਚੁਆਨ ਏਅਰਲਾਈਂਸ ਨੇ ਅਗਲੇ 15 ਦਿਨਾਂ ਦੀ ਖ਼ਾਤਰ ਭਾਰਤ ਲਈ ਆਪਣੇ ਮਾਲਵਾਹਕ ਜਹਾਜ਼ਾਂ ਦੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ।
ਇਸ ਨਾਲ ਨਿੱਜੀ ਕਾਰੋਬਾਰੀਆਂ ਵੱਲੋਂ ਚੀਨ ਤੋਂ ਆਕਸੀਜਨ ਕੰਸਟ੍ਰੇਟਰ ਤੇ ਹੋਰ ਮੈਡੀਕਲ ਸਾਮਾਨ ਭੇਜਣ ਦੇ ਨਿੱਜੀ ਕਾਰੋਬਾਰੀਆਂ ਦੀ ਕੋਸ਼ਿਸ਼ 'ਚ ਰੁਕਾਵਟ ਪੈਦਾ ਹੋਵੇਗੀ। ਕੋਰੋਨਾ ਦੇ ਮਾਮਲੇ ਵਧਣ ਕਾਰਨ ਬੀਜਿੰਗ ਵੱਲੋਂ ਹਮਾਇਤ ਤੇ ਸਹਿਯੋਗ ਦੀ ਪੇਸ਼ਕਸ਼ ਕੀਤੇ ਜਾਣ ਦੇ ਬਾਵਜੂਦ ਸਿਚੁਆਨ ਏਅਰਲਾਈਂਸ ਨੇ ਇਹ ਕਦਮ ਚੁੱਕਿਆ ਹੈ। ਸੋਮਵਾਰ ਨੂੰ ਵਿਕਰੀ ਏਜੰਟਾਂ ਨੂੰ ਲਿਖੇ ਇਕ ਪੱਤਰ 'ਚ ਸਿਚੁਆਨ ਚੁਆਨਹਾਂਗ ਲਾਜਿਸਟਿਕਸ ਕਾਰਪੋਰੇਸ਼ਨ ਲਿਮਟਿਡ ਨੇ ਕਿਹਾ ਹੈ ਕਿ ਚੀਨ ਤੋਂ ਆਕਸੀਜਨ ਕੰਸਟ੍ਰੇਟਰ ਦੇ ਕਾਰੋਬਾਰ ਦੀਆਂ ਕੋਸ਼ਿਸ਼ਾਂ ਵਿਚਾਲੇ ਅਸੀਂ ਛੇ ਰੂਟਾਂ 'ਤੇ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ।
ਇਨ੍ਹਾਂ 'ਚ ਸ਼ਿਆਨ-ਦਿੱਲੀ ਰੂਟ ਵੀ ਸ਼ਾਮਲ ਹੈ। ਪੱਤਰ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਮਹਾਮਾਰੀ ਦੀ ਸਥਿਤੀ ਨੂੰ ਦੇਖਦੇ ਹੋਏ 15 ਦਿਨਾਂ ਲਈ ਇਹ ਫ਼ੈਸਲਾ ਕੀਤਾ ਗਿਆ ਹੈ। ਇਸ ਤੋਂ ਬਾਅਦ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ। ਪੱਤਰ 'ਚ ਕਿਹਾ ਗਿਆ ਹੈ ਕਿ ਭਾਰਤ ਲਈ ਉਡਾਣਾਂ ਹਮੇਸ਼ਾ ਸਾਡੇ ਲਈ ਅਹਿਮ ਰਣਨੀਤਕ ਰਸਤਾ ਰਿਹਾ ਹੈ। ਉਡਾਣਾਂ ਮੁਅੱਤਲ ਹੋਣ ਨਾਲ ਸਾਡੀਆਂ ਕੰਪਨੀਆਂ ਨੂੰ ਕਾਫ਼ੀ ਨੁਕਸਾਨ ਹੋਵੇਗਾ। ਪਰ ਇਨ੍ਹਾਂ ਹਾਲਾਤ ਲਈ ਸਾਨੂੰ ਅਫ਼ਸੋਸ ਹੈ। ਸਾਨੂੰ ਉਮੀਦ ਹੈ ਕਿ ਵਿਕਰੀ ਏਜੰਟ ਸਥਿਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ।



