ਹੁਸ਼ਿਆਰਪੁਰ (ਇੰਦਰਜੀਤ ਸਿੰਘ) : ਜੇਲ੍ਹ 'ਚੋਂ ਇਲਾਜ ਕਰਵਾਉਣ ਸਿਵਲ ਹਸਪਤਾਲ ਆਇਆ ਹਵਾਲਾਤੀ ਫ਼ਰਾਰ ਹੋ ਗਿਆ। ਪੁਲਿਸ ਹਵਾਲਾਤੀ ਦੀ ਭਾਲ ਦੀ ਛਾਪੇਮਾਰੀ ਕਰ ਰਹੀ ਹੈ। ਹਵਾਲਾਤੀ ਦੀ ਪਛਾਣ ਹਰਪ੍ਰੀਤ ਸਿੰਘ ਫ਼ੌਜੀ ਪੁੱਤਰ ਹਰਬੰਸ ਸਿੰਘ ਵਾਸੀ ਮਿਆਣੀ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ।ਜਾਣਕਾਰੀ ਅਨੁਸਾਰ ਹਵਾਲਾਤੀ ਹਰਪ੍ਰੀਤ ਸਿੰਘ ਦੀ ਬਾਂਹ ਦਾ ਇਲਾਜ ਚੱਲ ਰਿਹਾ ਸੀ। ਉਸ ਨੂੰ ਜੇਲ੍ਹ 'ਚੋਂ 31 ਦਸੰਬਰ 2019 ਨੂੰ ਸਿਵਲ ਹਸਪਤਾਲ ਵਿਖੇ ਲੈ ਆਏ ਸਨ, ਜਿਸ ਨੂੰ ਗਾਰਦ ਰੂਪ 'ਚ ਪੁਲਿਸ ਮੁਲਾਜ਼ਮਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਸੀ। ਮੌਕੇ 'ਤੇ ਮੌਜੂਦ ਏਐੱਸਆਈ ਬਲਦੇਵ ਦੱਤ ਤੋ ਹੌਲਦਾਰ ਦਵਿੰਦਰ ਕੁਮਾਰ ਨੂੰ ਸਵੇਰੇ ਸਾਢੇ 4 ਵਜੇ ਦੇ ਕਰੀਬ ਉਕਤ ਹਵਾਲਾਤੀ ਬਾਥਰੂਮ ਕਰਨ ਬਹਾਨੇ ਬਾਥਰੂਮ 'ਚ ਗਿਆ ਜਿੱਥੋਂ ਉਹ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ।
ਹਵਾਲਾਤੀ ਦੇ ਭੱਜ ਦੀ ਸੂਚਨਾ ਮਿਲਦੇ ਹੀ ਜ਼ਿਲ੍ਹੇ ਦੀ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਹਵਾਲਾਤੀ ਦੀ ਭਾਲ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ।ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੇ ਪੰਚਮੜੀ ਆਰਮੀ ਸਿਖਲਾਈ ਕੈਂਪ 'ਚੋਂ ਹਰਪ੍ਰੀਤ ਸਿੰਘ ਫੌਜੀ ਭਗੌੜਾ ਸੀ ਨੇ ਆਪਣੇ ਸਾਥੀ ਜਗਤਾਰ ਸਿੰਘ ਜੱਗਾ ਪੁੱਤਰ ਹਰਭਜਨ ਸਿੰਘ ਨਾਲ ਮਿਲ ਕੇ ਮੱਧ ਪ੍ਰਦੇਸ਼ ਦੇ ਪੰਚਮੜੀ ਆਰਮੀ ਕੈਂਪ 'ਚੋਂ ਹਥਿਆਰ ਚੋਰੀ ਕਰ ਕੇ ਟਰੇਨ ਜ਼ਰੀਏ ਕੰਬਲ 'ਚ ਲਪੇਟ ਕੇ ਪੰਜਾਬ ਲੈ ਆਇਆ ਸੀ। ਇਸ ਤੋਂ ਬਾਅਦ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਵੱਡੇ ਪੱਧਰ 'ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਇਸ ਸਬੰਧੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ।
ਹੁਸ਼ਿਆਰਪੁਰ ਪੁਲਿਸ ਤੇ ਸੁਰੱਖਿਆਂ ਏਜੰਸੀਆਂ ਨੇ ਮਿਲ ਕੇ 9 ਦਸੰਬਰ 2019 ਨੂੰ ਟਾਂਡਾ ਨੇੜੇ ਪੈਂਦੇ ਪਿੰਡ ਕੰਧਾਲੀ ਨਾਰੰਗਪੁਰ ਦੇ ਖੇਤਾਂ 'ਚੋਂ ਹਰਪ੍ਰੀਤ ਸਿੰਘ ਉਰਫ਼ ਰਾਜਾ ਪੁੱਤਰ ਹਰਬੰਸ ਸਿੰਘ, ਜਗਤਾਰ ਸਿੰਘ ਜੱਗਾ ਪੁੱਤਰ ਹਰਭਜਨ ਸਿੰਘ, ਕਰਮਜੀਤ ਸਿੰਘ ਉਰਫ਼ ਸੋਨੂੰ, ਗੁਰਜਿੰਦਰ ਸਿੰਘ ਤੇ ਸਰਬਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ।9 ਦਸੰਬਰ 2019 ਨੂੰ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਕੋਲੋਂ 2 ਰਾਇਫ਼ਲਾਂ, 3 ਮੈਗਜੀਨ, 20 ਕਾਰਤੂਸ, 3 ਮੋਟਰਸਾਈਕਲ, 930 ਗ੍ਰਾਮ ਨਸ਼ੀਲਾ ਪਾਊਡਰ ਤੇ 3 ਹੋਰ ਮਾਰੂ ਹਥਿਆਰ ਬਰਾਮਦ ਕੀਤੇ ਗਏ ਸਨ। ਮਿਲੀ ਸੂਚਨਾ ਅਨੁਸਾਰ ਟਾਂਡਾ ਪੁਲਿਸ ਨੇ ਪੁੱਛਗਿੱਛ ਲਈ ਹਰਪ੍ਰੀਤ ਦੇ ਪਿਤਾ ਹਰਬੰਸ ਸਿੰਘ ਵਾਸੀ ਮਿਆਣੀ ਨੂੰ ਗ੍ਰਿਫ਼ਤਾਰ ਕੀਤਾ ਹੈ।



