ਦਿੱਲੀ ਨਗਰ ਨਿਗਮ ਹਾਊਸ ਦੀ ਬੈਠਕ ‘ਚ ਭਾਜਪਾ ਤੇ ‘ਆਪ’ ਦੇ ਆਗੂਆਂ ਵਿਚਾਲੇ ਚੱਲੇ ਘਸੁੰਨ-ਮੁੱਕੇ

by jaskamal

ਨਿਊਜ਼ ਡੈਸਕ : ਪੂਰਬੀ ਦਿੱਲੀ ਨਗਰ ਨਿਗਮ ’ਚ ਬੁੱਧਵਾਰ ਹਾਊਸ ਦੀ ਸ਼ਾਨ ਉਸ ਸਮੇਂ ਤਾਰ-ਤਾਰ ਹੋ ਗਈ ਜਦੋਂ ਸੱਤਾ ਧਿਰ ਤੇ ਵਿਰੋਧੀ ਧਿਰ ਦੇ ਕੌਂਸਲਰਾਂ ਦਰਮਿਆਨ ਹੱਥੋਪਾਈ ਤੱਕ ਦੀ ਨੌਬਤ ਆ ਗਈ ਤੇ ਇਕ-ਦੂਜੇ ਨੂੰ ਘਸੰਨ ਮਾਰੇ ਗਏ। ਕੁੱਟਮਾਰ ਦੌਰਾਨ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਹਾਊਸ ਦੇ ਨੇਤਾ ਸਤਪਾਲ ਸਿੰਘ ਤੇ ਸਥਾਈ ਕਮੇਟੀ ਦੇ ਚੇਅਰਮੈਨ ਵੀਐੱਸ ਪਵਾਰ ਨੂੰ ਵੀ ਕੁੱਟਿਆ। ਸੱਤਾ ਧਿਰ ਦੇ ਕੌਂਸਲਰਾਂ ਨੇ ਵਿਰੋਧੀ ਧਿਰ ਦੇ ਆਗੂ ਮਨੋਜ ਤਿਆਗੀ ਤੇ ਹੋਰਨਾਂ ਕੌਂਸਲਰਾਂ ਨੂੰ ਕੁੱਟਿਆ। ਇਸ ਦੌਰਾਨ "ਆਪ" ਦੇ ਇਕ ਕੌਂਸਲਰ ਦੇ ਕਪੜੇ ਪਾੜ ਦਿੱਤੇ ਗਏ।

ਨਿਗਮ ਹਾਊਸ ’ਚ ਵਾਪਰੇ ਇਸ ਹੰਗਾਮੇ ਨੂੰ ਵੇਖ ਕੇ ਮੇਅਰ ਸ਼ਾਮ ਸੁੰਦਰ ਅਗਰਵਾਲ ਦੇ ਹੁਕਮ ’ਤੇ ਸੁਰੱਖਿਆ ਮੁਲਾਜ਼ਮਾਂ ਨੇ ਵਿਰੋਧੀ ਧਿਰ ਦੇ ਆਗੂ ਨੂੰ ਹਾਊਸ ’ਚੋਂ ਬਾਹਰ ਕੱਢ ਦਿੱਤਾ। ਹਾਊਸ ਦੀ ਬੈਠਕ ਸ਼ੁਰੂ ਹੋਣ ’ਤੇ ਹਾਊਸ ਦੇ ਨੇਤਾ ਸਤਪਾਲ ਸਿੰਘ ਨੇ ਮਹਾਨਗਰ ਦੇ ਕੌਂਸਲਰ ਰਹੇ ਈਸ਼ਵਰ ਦਾਸ ਮਹਾਜਨ ਦੇ ਸ਼ੋਕ ਪ੍ਰਸਤਾਵ ਨੂੰ ਪੜ੍ਹਿਆ। ਉਸ ਦੇ ਤੁਰੰਤ ਪਿੱਛੋਂ ਵਿਰੋਧੀ ਧਿਰ ਦੇ ਨੇਤਾ ਮਨੋਜ ਤਿਆਗੀ ਨੇ ਭਾਜਪਾ ਦੇ ਸੂਬਾਈ ਪ੍ਰਧਾਨ ਆਦੇਸ਼ ਗੁਪਤਾ ਕੋਲੋਂ ਮੁਆਫੀ ਮੰਗਣ ਦਾ ਨਿੰਦਾ ਪ੍ਰਸਤਾਵ ਪੜ੍ਹਨਾ ਸ਼ੁਰੂ ਕਰ ਦਿੱਤਾ। ਇਕ ਮੈਂਬਰ ਪ੍ਰਵੇਸ਼ ਸ਼ਰਮਾ ਨੇ ਕਿਹਾ ਕਿ ਕਸ਼ਮੀਰੀ ਪੰਡਤਾਂ ਤੇ ਹਿੰਦੂਆਂ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਪਸ਼ਬਦ ਕਹੇ ਹਨ। ਸਾਬਕਾ ਮੇਅਰ ਨੀਮਾ ਭਗਤ ਅਤੇ ਇਕ ਹੋਰ ਕੌਂਸਲਰ ਹਿਮਾਂਸ਼ੀ ਪਾਂਡੇ ਨੇ ਕਿਹਾ ਕਿ ਕੇਜਰੀਵਾਲ ਨੇ ਕਸ਼ਮੀਰੀ ਪੰਡਤਾਂ ਦਾ ਮਜ਼ਾਕ ਉਡਾਇਆ ਹੈ।