ਮਾਰਕਿਟ ਕਮੇਟੀ ਭੀਖੀ ਦੀ ਚੇਅਰਮੈਨੀ ਨੂੰ ਲੈ ਕੇ ਟਕਸਾਲੀ ਕਾਂਗਰਸੀਆਂ ਨੇ ਵਿਧਾਇਕ ਖਿਲਾਫ ਖੋਲ੍ਹਿਆ ਮੋਰਚਾ

by vikramsehajpal

ਭੀਖੀ, 15 ਅਪ੍ਰੈਲ (ਆਨ ਆਰ ਆਈ) : ਮਾਰਕਿਟ ਕਮੇਟੀ ਭੀਖੀ ਦੀ ਚੇਅਰਮੈਨੀ ਨੂੰ ਲੈ ਕੇ ਟਕਸਾਲੀ ਕਾਂਗਰਸੀਆਂ ਨੂੰ ਅਣਦੇਖਿਆ ਕਰਨ ਦੇ ਮਾਮਲੇ ਤੇ ਦਾਅਵੇਦਾਰ ਕਾਂਗਰਸੀਆਂ ਤੇ ਹਮਾਇਤੀਆਂ ਨੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਖਿਲਾਫ ਮੋਰਚਾ ਖੋਲ ਦਿੱਤਾ ਹੈ। ਇਸ ਚੇਅਰਮੈਨੀ ਨੂੰ ਲੈ ਕੇ ਕਾਫੀ ਸਮੇਂ ਤੋਂ ਦਾਅਵੇਦਾਰਾਂ ਵਿਚ ਖਿੱਚੋਤਾਣ ਚੱਲਦੀ ਆ ਰਹੀ ਹੈ। ਹੁਣ ਚੇਅਰਮੈਨੀ ਦੇ ਦਾਅਵੇਦਾਰਾਂ ਤੇ ਉਨਾਂ ਦੇ ਹਮਾਇਤੀਆਂ ਦਾ ਦੋਸ਼ ਹੈ ਕਿ ਵਿਧਾਇਕ ਆਪ ਆਦਮੀ ਪਾਰਟੀ ਵਿਚੋਂ ਆਏ ਹਨ ਤੇ ਹੁਣ ਨਵੇਂ ਕਾਂਗਰਸ ਵਿਚ ਆਏ ਵਿਅਕਤੀ ਨੁੰ ਚੇਅਰਮੈਨੀ ਤੇ ਕਾਬਜ਼ ਕਰਨਾ ਚਾਹੁੰਦੇ ਹਨ,ਜਿਸ ਨਾਲ ਟਕਸਾਲੀ ਕਾਂਗਰਸੀਆਂ ਤੇ ਦਾਅਵੇਦਾਰਾਂ ਨੂੰ ਠੇਸ ਪੁੱਜੀ ਹੈ। ਉਨਾਂ ਕਿਹਾ ਕਿ ਜੇਕਰ ਵਿਧਾਇਕ ਨੇ ਆਪਣਾ ਇਹੀ ਰਵੱਈਆ ਰੱਖਿਆ ਤਾਂ ਉਹ ਸਮੂਹਿਕ ਤੌਰ ਤੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਕਾਂਗਰਸ ਦੇ ਵਿਰੁੱਧ ਭੁਗਤਨ ਲਈ ਮਜਬੂਰ ਹੋਣਗੇ।


ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੱਟ ਮਹਾਂ ਸਭਾ ਪੰਜਾਬ ਦੇ ਜਨਰਲ ਸਕੱਤਰ ਨਵਦੀਪ ਸਿੰਘ ਅੱਪੀ ਝੱਬਰ, ਬਲਾਕ ਕਾਂਗਰਸ ਭੀਖੀ ਦੇ ਪ੍ਰਧਾਨ ਚਰਨਜੀਤ ਸਿੰਘ ਮਾਖਾ ਸਰਪੰਚ, ਸੀਨੀਅਰ ਕਾਂਗਰਸੀ ਆਗੂ ਧੰਨਾ ਸਿੰਘ ਸਮਾੳਂ ਨੇ ਕਿਹਾ ਕਿ ਮਾਰਕਿਟ ਕਮੇਟੀ ਭੀਖੀ ਦੀ ਚੇਅਰਮੈਨੀ ਲਈ ਟਕਸਾਲੀ ਤੇ ਅਸਲੀ ਹੱਕਦਾਰਾਂ ਦੀਆਂ ਦਾਅਵੇਦਾਰੀਆਂ ਅਣਦੇਖੀਆਂ ਕਰਕੇ ਕੱਲ ਪਾਰਟੀ ਨਾਲ ਜੁੜੇ ਵਿਅਕਤੀ ਨੂੰ ਚੇਅਰਮੈਨ ਬਣਾਇਆ ਜਾ ਰਿਹਾ ਹੈ। ਜਿੰਨਾਂ ਦਾ ਪਿੰਡ ਵੀ ਭੀਖੀ ਬਲਾਕ ਵਿਚ ਨਹੀਂ ਆਉਂਦਾ। ਉਨਾਂ ਕਿਹਾ ਕਿ ਇਸ ਚੇਅਰਮੈਨੀ ਵਿਚ ਅਮਰਜੀਤ ਕੌਰ ਝੱਬਰ, ਜਸਵੰਤ ਸਿੰਘ ਆਦਿ ਵਰਗੇ ਕਈ ਦਾਅਵੇਦਾਰ ਹਨ, ਪਰ ਵਿਧਾਇਕ ਨੇ ਸਭ ਨੂੰ ਅਣਦੇਖਿਆ ਕਰਕੇ ਆਪਣੇ ਨਜ਼ਦੀਕੀਆਂ ਨੂੰ ਅਹੁਦੇਦਾਰੀਆਂ ਦੇਣਾ ਚਾਹੁੰਦੇ ਹਨ, ਜਿਸ ਨਾਲ ਕਾਂਗਰਸ ਪਾਰਟੀ ਤੇ ਉਸ ਨਾਲ ਜੁੜੇ ਟਕਸਾਲੀ ਕਾਂਗਰਸੀਆਂ ਨੂੰ ਬਿਲਕੁਲ ਹੀ ਨਕਾਰਿਆ ਜਾ ਰਿਹਾ ਹੈ।

ਉਨਾਂ ਕਿਹਾ ਕਿ ਇਸ ਤਰਾਂ ਦੀ ਸਥਿਤੀ ਵਿਚ ਕਾਂਗਰਸੀਆਂ ਦਾ ਮਨੋਬਲ ਟੁੱਟੇਗਾ ਤੇ ਉਹ ਵਿਧਾਇਕ ਦਾ ਹਰ ਫਰੰਟ ਤੇ ਵਿਰੋਧ ਕਰਨਗੇ। ਉਨਾਂ ਐਲਾਨ ਕੀਤਾ ਕਿ ਇਸ ਵਿਚ ਉਨਾਂ ਦੀ ਕਿਸੇ ਨਾਲ ਵਿਅਕਤੀਗਤ ਵਿਰੋਧਤਾ ਨਹੀਂ ਹੈ, ਪਰ ਮਾਰਕਿਟ ਕਮੇਟੀ ਭੀਖੀ ਲਈ ਕਿਸੇ ਟਕਸਾਲੀ ਕਾਂਗਰਸੀ ਨੂੰ ਹੀ ਚੇਅਰਮੈਨ ਨਿਯੁਕਤ ਕੀਤਾ ਜਾਵੇ। ਉਨਾਂ ਕਿਹਾ ਕਿ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆਂ ਦੀ ਮਨਮਰਜ਼ੀ ਦੇ ਖਿਲਾਫ ਉਹ ਮੁੱਖ ਮੰਤਰੀ ਸਮੇਤ ਪਾਰਟੀ ਦੇ ਪ੍ਰਧਾਨ ਸੂਨੀਲ ਜਾਖੜ ਨੂੰ ਮਿਲਣਗੇ। । ਇਸ ਮੌਕੇ ਹਰਭਜਨ ਰੱਲਾ, ਪ੍ਰਗਟ ਸਿੰਘ ਖੀਵਾ, ਸੁਰਜੀਤ ਸਿੰਘ ਸਾਬਕਾ ਸਰਪੰਚ, ਕੌਂਸਲਰ ਮੱਖਣ ਹਾਜੀ, ਵਿਪਨ ਕੁਮਾਰ ਲੱਕੀ ਭੀਖੀ, ਰਾਜ ਕੁਮਾਰ, ਰਣਜੀਤ ਸਿੰਘ ਫੌਜੀ, ਬਿੱਲੂ ਸਿੰਘ, ਗੁਰਸੇਵਕ ਸਿੰਘ ਭੂਪਾਲ, ਬਲਦੇਵ ਸਿਘ ਰੜ, ਸੁਖਵਿੰਦਰ ਸਿੰਘ ਤੇ ਗੁਰਚਰਨ ਸਿੰਘ ਦੋਦੜਾ ਆਦਿ ਹਾਜ਼ਰ ਸਨ।


ਇਸ ਸਬੰਧੀ ਜਦੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨਾਲ ਗੱਲ ਕੀਤੀ ਭੀਖੀ ਇਲਾਕੇ ਦੇ ਜਿਆਦਾਤਰ ਸਰਪੰਚਾਂ ਨੇ ਜਿਸ ਦੇ ਨਾਮ ਦੀ ਸਿਫਾਰਸ਼ ਕੀਤੀ ਹੈ ਉਸ ਉਮੀਦਵਾਰ ਦਾ ਨਾਮ ਮੈਂ ਅੱਗੇ ਭੇਜ ਦਿੱਤਾ ਹੈ ,ਬਾਕੀ ਫੈਸਲਾ ਹਾਈ ਕਮਾਂਡ ਦੇ ਹੱਥ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਾਂਗਰਸੀ ਆਗੂ