ਵਿਦੇਸ਼ ‘ਚ ਤਿੰਨ ਭਾਰਤੀ ਡਾਂਸਰਾਂ ਦੀ ਤਸਕਰੀ ‘ਚ ਕਲੱਬ ਮਾਲਕ ਨੂੰ 41 ਮਹੀਨੇ ਦੀ ਜੇਲ੍ਹ

by jaskamal

 ਨਿਊਜ਼ ਡੈਸਕ : ਸਿੰਗਾਪੁਰ 'ਚ ਇਕ ਮਨੋਰੰਜਨ ਕਲੱਬ ਦੇ ਭਾਰਤੀ ਮਾਲਕ ਨੂੰ ਭਾਰਤ ਤੋਂ ਡਿੰਨ ਮਹਿਲਾ ਡਾਂਸਰਾਂ ਨੂੰ ਮਨੁੱਖੀ ਤਸਕਰੀ ਕਰ ਕੇ ਲਿਆਉਣ ਤੇ ਉਨ੍ਹਾਂ 'ਚੋਂ ਦੋ ਨਾਲ ਮਾਰਕੁੱਟ ਕਰਨ ਦੇ ਦੋਸ਼ 'ਚ 41 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਨਾਲ ਹੀ ਉਸ 'ਤੇ 20 ਹਜ਼ਾਰ ਡਾਲਰ (ਕਰੀਬ 15,28,428 ਰੁਪਏ) ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

ਸਿੰਗਾਪੁਰ ਦੇ ਮਨੁੱਖੀ ਸ਼ਕਤੀ ਮੰਤਰਾਲੇ (ਐੱਮਓਐੱਮ) ਨੇ ਕਿਹਾ ਕਿ 'ਜੈ ਹੋ ਕਲੱਬ' ਦੇ ਮਾਲਿਕ ਅਲਗਾਰ ਸੁਬਰਾਮਣੀਅਨ (47) ਨੇ ਇਨ੍ਹਾਂ ਅੌਰਤਾਂ ਤੋਂ ਏਨੀ ਜ਼ਿਆਦਾ ਰਕਮ ਦੀ ਮੰਗ ਕਰ ਦਿੱਤੀ ਕਿ ਉਹ ਚੁਕਾ ਨਹੀਂ ਸਕੇ ਤੇ ਉਨ੍ਹਾਂ ਕੰਮ ਛੱਡ ਕੇ ਜਾਣ ਦੀ ਇੱਛਾ ਪ੍ਰਗਟਾਈ। ਐੱਮਓਐੱਮ ਵਲੋਂ ਇਨ੍ਹਾਂ ਤਿੰਨਾਂ ਭਾਰਤੀ ਅੌਰਤਾਂ ਨੂੰ ਭਾਰਤ ਵਾਪਸ ਭੇਜਿਆ ਜਾ ਚੁੱਕਾ ਹੈ। ਇਨ੍ਹਾਂ ਮਹਿਲਾ ਡਾਂਸਰਾਂ ਨੂੰ ਛੇ ਮਹੀਨੇ ਦੇ ਕਾਂਟ੍ਰੈਕਟ 'ਤੇ ਸਾਲ 2016 'ਚ ਸਿੰਗਾਪੁਰ ਲਿਆਂਦਾ ਗਿਆ ਸੀ। ਪਰ ਉਦੋਂ ਤੋਂ ਹੁਣ ਤਕ ਉਨ੍ਹਾਂ ਨੂੰ ਕੋਈ ਤਨਖਾਹ ਦਿੱਤੀ ਹੀ ਨਹੀਂ ਗਈ ਸੀ। ਇਨ੍ਹਾਂ ਔਰਤਾਂ ਨੂੰ ਗਾਹਕਾਂ ਨਾਲ ਨੱਚਣ ਤੇ ਰਕਮ ਬਦਲੇ ਛੂਹਣ ਦੀ ਇਜਾਜ਼ਤ ਦੇਣ ਦਾ ਦਬਾਅ ਬਣਾਇਆ ਜਾਂਦਾ ਸੀ।