CM ਭਗਵੰਤ ਮਾਨ ਨੇ ਨਸ਼ਾ ਦੇ ਮੁੱਦੇ ਨੂੰ ਲੈ ਕੇ ਬੁਲਾਈ ਮੀਟਿੰਗ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਵੱਧ ਰਹੇ ਨਸ਼ੇ ਨੂੰ ਲੈ ਕੇ ਫਿਰ ਅਧਿਕਾਰੀਆਂ ਨਾਲ ਮੀਟਿੰਗ ਬੁਲਾਈ ਗਈ ਹੈ। ਇਸ ਮੀਟਿੰਗ 'ਚ ਸਾਰੇ ਜ਼ਿਲ੍ਹਿਆ ਦੇ ਡੀਸੀ 'ਤੇ ਐਸਐਸਪੀ ਸ਼ਾਮਿਲ ਹੋਣਗੇ। ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਿਆਂ ਖ਼ਿਲਾਫ਼ ਕੋਈ ਲਿਹਾਜ਼ ਨਾ ਵਰਤਦਿਆਂ ਪੁਲਿਸ ਫੋਰਸ ਨੂੰ ਨਸ਼ਾ ਵੇਚਣ ਵਾਲੇ ਅਨਸਰਾਂ ਵਿਰੁੱਧ ਵੱਡੀ ਪੱਧਰ ਉਤੇ ਸਖ਼ਤ ਕਾਰਵਾਈ ਕਰਨ ਦੇ ਨਾਲ-ਨਾਲ ਨਸ਼ਾ ਵਿਰੋਧੀ ਮੁਹਿੰਮ 'ਚ ਦਖ਼ਲਅੰਦਾਜ਼ੀ ਕਰਨ ਵਾਲੇ ਕਿਸੇ ਵੀ ਸਿਆਸੀ ਵਿਅਕਤੀ ਵਿਰੁੱਧ ਸ਼ਿਕੰਜਾ ਕੱਸਣ ਦੇ ਹੁਕਮ ਦਿੱਤੇ ਹਨ।

ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਭਗਵੰਤ ਮਾਨ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਸ਼ੇ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਕਰਨ ਨਾ ਕਿ ਨਸ਼ੇ ਦੀ ਗ੍ਰਿਫਤ 'ਚ ਫਸੇ ਲੋਕਾਂ ਨੂੰ ਕਿਉਂਕਿ ਇਹ ਲੋਕ ਤਾਂ ਪਹਿਲਾਂ ਹੀ ਡਰੱਗ ਮਾਫੀਆ ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਆਖਰ ਵਿਚ ਸਪਲਾਈ ਲਾਈਨ ਟੁੱਟ ਜਾਵੇਗੀ ਅਤੇ ਪੰਜਾਬ, ਛੇਤੀ ਹੀ ਨਸ਼ਾ ਮੁਕਤ ਸੂਬਾ ਬਣ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬਾ ਭਰ 'ਚ ਨਸ਼ਾ ਛੁਡਾਊ ਕੇਂਦਰਾਂ ਨੂੰ ਪ੍ਰਭਾਵੀ ਢੰਗ ਨਾਲ ਚਲਾਉਣ ਲਈ ਪੂਰੀ ਵਾਹ ਲਾਵੇਗੀ 'ਤੇ ਕਾਊਂਸਲਿੰਗ ਪ੍ਰੋਗਰਾਮ ਚਲਾਉਣ ਤੋਂ ਇਲਾਵਾ ਦਵਾਈਆਂ ਦੀ ਕੋਈ ਕਮੀ ਨਾ ਹੋਣ ਦੇਣ ਨੂੰ ਯਕੀਨੀ ਬਣਾਏਗੀ ਤਾਂ ਜੋ ਇਲਾਜ ਤੋਂ ਬਾਅਦ ਨੌਜਵਾਨ ਮੁੜ ਨਸ਼ਿਆਂ ਦਾ ਸ਼ਿਕਾਰ ਨਾ ਹੋਣ।