CM ਚੰਨੀ ਨਾਲ ਕਿਸਾਨ ਹੋ ਗਏ ਸਿੱਧੇ; ਕਹਿੰਦੇ ਜੇ ਵੋਟਾਂ ਲੈਣੀਆਂ ਤਾਂ ਸਾਡੇ ਨਾਲ ਗੱਲ ਕਰ

by jaskamal

ਨਿਊਜ਼ ਡੈਸਕ (ਜਸਕਮਲ) : ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਹਲਕਾ ਭਦੌੜ 'ਚ 12 ਪਿੰਡਾਂ ਦੀ ਫੇਰੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਤੇ ਹਲਕਾ ਭਦੌੜ ਤੋਂ ਉਮੀਦਵਾਰ ਚਰਨਜੀਤ ਸਿੰਘ ਚੰਨੀ ਦਾ ਪਿੰਡ ਕੋਟਦੂਨਾ ਵਿਖੇ ਕਰਵਾਏ ਜਾ ਰਹੇ ਇਕ ਸਮਾਗਮ 'ਚ ਪੁੱਜਣ ਤੋਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਨੇ ਵਿਰੋਧ ਕੀਤਾ। ਬੁੱਧਵਾਰ ਦੁਪਹਿਰ ਜਦੋਂ ਚਰਨਜੀਤ ਸਿੰਘ ਚੰਨੀ ਆਪਣੇ ਚੌਥੇ ਪੜਾਅ, ਪਿੰਡ ਕੋਟਦੂਨਾ ਪੁੱਜੇ ਤਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਿਸਾਨਾਂ ਵੱਲੋਂ ਪਹਿਲਾਂ ਹੀ ਸੜਕ 'ਤੇ ਇਕੱਠੇ ਹੋ ਕੇ ਚੰਨੀ ਦੇ ਕਾਫ਼ਲੇ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ।

ਚਰਨਜੀਤ ਸਿੰਘ ਚੰਨੀ ਨੇ ਇਸ ਪ੍ਰੋਗਰਾਮ 'ਚ ਕੋਈ ਵੀ ਆਪਣਾ ਚੋਣ ਪ੍ਰਚਾਰ ਦਾ ਸਮਾਗਮ ਨਹੀਂ ਕੀਤਾ ਤੇ ਉਹ ਬਿਨਾਂ ਸਮਾਗਮ ਕਰੇ ਹੀ ਇਸ ਪਿੰਡ 'ਚੋਂ ਅਗਲੇ ਪਿੰਡ ਵੱਲ ਕੂਚ ਕਰ ਗਏ। ਰੋਸ 'ਚ ਆਏ ਕਿਸਾਨਾਂ ਨੇ ਕਿਹਾ ਕਿ ਸਾਡੇ ਕੋਲੋਂ ਚੰਨੀ ਨੇ ਵੋਟਾਂ ਲੈਣੀਆਂ ਨੇ ਘੱਟੋ-ਘੱਟ ਸਾਡੇ ਨਾਲ ਉਹ ਗੱਲ ਤਾਂ ਕਰਦਾ, ਸਾਡਾ ਪੱਖ ਤਾਂ ਸੁਣਦਾ। ਕਿਸਾਨ ਆਗੂਆਂ ਨੇ ਕਿਹਾ ਕਿ ਜੋ ਉਨ੍ਹਾਂ ਨੇ ਥੋੜ੍ਹੇ ਸਮੇਂ 'ਚ ਬਹੁਤ ਜ਼ਿਆਦਾ ਐਲਾਨ ਕੀਤੇ ਹਨ, ਤਾਂ ਐਲਾਨ ਨਾ ਪੂਰੇ ਹੋਣ 'ਤੇ ਉਨ੍ਹਾਂ ਨੇ ਵਿਰੋਧ ਕੀਤਾ ਹੈ, ਜਿਸ ਦੇ ਸਵਾਲ ਦਾ ਜਵਾਬ ਬਿਨਾਂ ਦਿੱਤਿਆਂ ਹੀ ਮੁੱਖ ਮੰਤਰੀ ਇਸ ਪਿੰਡ 'ਚੋਂ ਚਲੇ ਗਏ ਹਨ ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਤੇ ਚਰਨਜੀਤ ਚੰਨੀ ਦਾ ਸਖ਼ਤ ਵਿਰੋਧ ਕਰਦੇ ਹਨ।