ਸਿੱਧੂ ਦੇ ਅਸਤੀਫ਼ੇ ਨੂੰ ਲੈ ‘CM’ ਚਰਨਜੀਤ ਚੰਨੀ ਨਜਿੱਠਣ : ਹਾਈ ਕਮਾਨ ਕਾਂਗਰੇਸ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਨਵਜੋਤ ਸਿੱਧੂ ਵਲੋਂ ਪ੍ਰਧਾਨਗੀ ਤੋਂ ਅਚਾਨਕ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬ ਕਾਂਗਸ ਵਿਚ ਪੈਦਾ ਹੋਏ ਹਾਲਾਤ ਤੋਂ ਕਾਂਗਰਸ ਹਾਈਕਮਾਨ ਵੀ ਖਫ਼ਾ ਹੈ। ਸੂਤਰਾਂ ਮੁਤਾਬਕ ਸਿੱਧੂ ਦੇ ਸਟੈਂਡ ਤੋਂ ਪਾਰਟੀ ਵੀ ਨਾਰਾਜ਼ ਹੈ ਅਤੇ ਪਾਰਟੀ ਨੇ ਸਿੱਧੇ ਤੌਰ ’ਤੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਇਸ ਮਸਲੇ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਸੌਂਪੀ ਹੈ। ਇਸੇ ਕਾਰਣ ਹਾਈਕਮਾਨ ਵਲੋਂ ਪੰਜਾਬ ਇੰਚਾਰਜ ਹਰੀਸ਼ ਰਾਵਤ ਦਾ ਚੰਡੀਗੜ੍ਹ ਦੌਰਾ ਵੀ ਰੋਕ ਦਿੱਤਾ ਗਿਆ ਹੈ।

ਕਾਂਗਰਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਰਟੀ ਹਾਈਕਮਾਂਡ ਨੇ ਅਜੇ ਤੱਕ ਸਿੱਧੂ ਨਾਲ ਗੱਲ ਨਹੀਂ ਕੀਤੀ ਹੈ ਅਤੇ ਨਾ ਹੀ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕੀਤਾ ਹੈ। ਪਾਰਟੀ ਸਿੱਧੂ ਨੂੰ ਸਮਾਂ ਦੇਣਾ ਚਾਹੁੰਦੀ ਹੈ ਪਰ ਜੇ ਉਹ ਤਿਆਰ ਨਹੀਂ ਹਨ ਤਾਂ ਪਾਰਟੀ ਸਖ਼ਤ ਫ਼ੈਸਲਾ ਵੀ ਲੈ ਸਕਦੀ ਹੈ।

ਸਿੱਧੂ ਨਾਲ ਗੱਲਬਾਤ ਲਈ ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਦੋ ਮੰਤਰੀਆਂ ਪਰਗਟ ਸਿੰਘ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਡਿਊਟੀ ਲਗਾਈ ਗਈ ਹੈ। ਇਹ ਦੋਵੇਂ ਮੰਤਰੀਆਂ ਵਲੋਂ ਸਿੱਧੂ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ ਅਤੇ ਮੀਟਿੰਗ ਤੋਂ ਬਾਅਦ ਸਾਰੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ ਜਾਵੇਗੀ।

ਇਹ ਦੋ ਮੈਂਬਰੀ ਕਮੇਟੀ ਦੋਵੇਂ ਧਿਰਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢੇਗੀ। ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਪਰਗਟ ਸਿੰਘ ਅਤੇ ਰਾਜਾ ਵੜਿੰਗ ਸਿੱਧੂ ਦੇ ਧੜੇ ਦੇ ਹਨ ਅਤੇ ਸਿੱਧੂ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ।