CM Mann ਵੱਲੋਂ ਚਮਰੋੜ ਪੱਤਣ ਵਿਖੇ ਜੈੱਟ ਸਕੀ, ਮੋਟਰ ਪੈਰਾਗਲਾਈਡਿੰਗ ਸ਼ੁਰੂ ਕਰਨ ਦਾ ਐਲਾਨ

by jaskamal

ਪੱਤਰ ਪ੍ਰੇਰਕ : ਸੂਬੇ ਵਿੱਚ ਸੈਰ ਸਪਾਟਾ ਖੇਤਰ ਨੂੰ ਹੋਰ ਹੁਲਾਰਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚਮਰੋੜ ਪੱਤਣ ਵਿਖੇ ਜੈੱਟ ਸਕੀ, ਮੋਟਰ ਪੈਰਾਗਲਾਈਡਿੰਗ ਅਤੇ ਹੌਟ ਏਅਰ ਬੈਲੂਨ ਗਤੀਵਿਧੀਆਂ ਸ਼ੁਰੂ ਕਰਨ ਦਾ ਐਲਾਨ ਕੀਤਾ।

ਮੁੱਖ ਮੰਤਰੀ ਨੇ ਅੱਜ ਇੱਥੇ ਇਨ੍ਹਾਂ ਗਤੀਵਿਧੀਆਂ ਦਾ ਟਰਾਇਲ ਦੇਖਣ ਮਗਰੋਂ ਕਿਹਾ ਕਿ ਇਸ ਸੁੰਦਰ ਸਥਾਨ 'ਤੇ ਪਾਣੀ ਵਾਲੀਆਂ ਖੇਡਾਂ/ਮਨੋਰੰਜਕ ਅਤੇ ਸਪੀਡ ਬੋਟਿੰਗ ਵਰਗੀਆਂ ਗਤੀਵਿਧੀਆਂ ਪਹਿਲਾਂ ਹੀ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਥਾਂ 'ਤੇ ਪਹਿਲਾਂ ਹੀ ਦੋ ਸਪੀਡ ਬੋਟਾਂ ਚੱਲ ਰਹੀਆਂ ਹਨ, ਜੋ ਇਥੇ ਆਉਣ ਵਾਲੇ ਸੈਲਾਨੀਆਂ ਲਈ ਖਿੱਚ ਦਾ ਮੁੱਖ ਕੇਂਦਰ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਖੇਤਰ ਵਿੱਚ ਸੈਰ-ਸਪਾਟੇ ਦੀ ਵੱਡੀ ਸੰਭਾਵਨਾ ਹੈ, ਜਿਸ ਕਰ ਕੇ ਸੂਬਾ ਸਰਕਾਰ ਪਹਿਲਾਂ ਹੀ ਇਥੇ ਵੱਖ-ਵੱਖ ਸੰਭਾਵਨਾਵਾਂ ਤਲਾਸ਼ ਰਹੀ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਇੱਥੇ ਜੈੱਟ ਸਕੀ, ਮੋਟਰ ਪੈਰਾਗਲਾਈਡਿੰਗ ਅਤੇ ਹੌਟ ਏਅਰ ਬੈਲੂਨ ਦਾ ਟਰਾਇਲ/ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਜਲਦੀ ਹੀ ਇਸ ਦੀ ਰਸਮੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਪਾਣੀ ਵਾਲੀਆਂ ਖੇਡਾਂ/ਮਨੋਰੰਜਕ ਗਤੀਵਿਧੀਆਂ ਦੀ ਵੱਡੀ ਸੰਭਾਵਨਾ ਹੈ ਅਤੇ ਉਨ੍ਹਾਂ ਦੀ ਸਰਕਾਰ ਨੇ ਸੂਬੇ ਵਿੱਚ ਸੈਰ ਸਪਾਟੇ ਨੂੰ ਹੁਲਾਰਾ ਦੇਣ ਲਈ ਵਾਟਰ ਐਡਵੈਂਚਰ ਸਪੋਰਟਸ ਨੀਤੀ ਪਹਿਲਾਂ ਹੀ ਨੋਟੀਫਾਈ ਕਰ ਦਿੱਤੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਹ ਸਾਰੀਆਂ ਗਤੀਵਿਧੀਆਂ ਵਪਾਰਕ ਤੌਰ 'ਤੇ ਸ਼ੁਰੂ ਹੋਣਗੀਆਂ, ਜਿਸ ਨਾਲ ਸੈਰ ਸਪਾਟਾ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਖੇਤਰ ਨੂੰ ਕੁਦਰਤੀ ਸੋਮਿਆਂ ਦੀ ਭਰਪੂਰ ਬਖਸ਼ਿਸ਼ ਹੋਣ ਕਰਕੇ ਇਹ ਵਿਸ਼ਵ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣਾ ਸਮੇਂ ਦੀ ਲੋੜ ਹੈ, ਜਿਸ ਨਾਲ ਇਥੋਂ ਦੇ ਲੋਕਾਂ ਦੇ ਜੀਵਨ ਪੱਧਰ ਵਿੱਚ ਵੱਡਾ ਸੁਧਾਰ ਹੋਵੇਗਾ। ਉਨ੍ਹਾਂ ਅਫ਼ਸੋਸ ਪ੍ਰਗਟਾਇਆ ਕਿ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਇਹ ਖੇਤਰ ਵਿਕਾਸ ਪੱਖੋਂ ਪਛੜਿਆ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਖੇਤਰ ਵਿੱਚ ਸੈਰ-ਸਪਾਟੇ ਦੀਆਂ ਅਣਵਰਤੀਆਂ ਸੰਭਾਵਨਾਵਾਂ ਨੂੰ ਹੁਣ ਵਰਤੋਂ ਵਿੱਚ ਲਿਆਂਦਾ ਜਾਵੇਗਾ ਤਾਂ ਜੋ ਕੁਦਰਤੀ ਸੋਮਿਆਂ ਨਾਲ ਲਬਰੇਜ ਇਸ ਸੁੰਦਰ ਸਥਾਨ ਵੱਲ ਵਿਸ਼ਵ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਜਾ ਸਕੇ।