CM ਮਾਨ ਨੇ ਜਰਮਨ ਨਿਵੇਸ਼ਕਾਂ ਨੂੰ Punjab ’ਚ ਨਿਵੇਸ਼ ਲਈ ਦਿੱਤਾ ਸੱਦਾ

by jaskamal

ਨਿਊਜ਼ ਡੈਸਕ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਮੌਕਿਆਂ ਦੀ ਧਰਤੀ ਵਜੋਂ ਪੇਸ਼ ਕਰਦਿਆਂ ਸੂਬੇ ’ਚ ਨਿਵੇਸ਼ ਲਈ ਜਰਮਨ ਨਿਵੇਸ਼ਕਾਂ ਨੂੰ ਸੱਦਾ ਦਿੱਤਾ। ਮੁੱਖ ਮੰਤਰੀ ਦੇ ਸਰਕਾਰੀ ਨਿਵਾਸ 'ਤੇ ਵੀਰਵਾਰ ਸਵੇਰੇ ਮੁਲਾਕਾਤ ਲਈ ਪੁੱਜੇ ਜਰਮਨ ਸਫ਼ਾਰਤਖਾਨੇ ਦੇ ਮਨਿਸਟਰ ਇਕੋਨਾਮਿਕ ਐਂਡ ਗਲੋਬਲ ਅਫੇਅਰਜ਼ ਡਾ. ਸਟੀਫਨ ਕੌਚ ਤੇ ਹੈੱਡ ਐਨਰਜੀ ਇੰਡੀਆ ਡਾ. ਵਿਨਫਰਾਈਡ ਡੈਮ ਨੂੰ ਭਗਵੰਤ ਮਾਨ ਨੇ ਕਿਹਾ ਕਿ ਇੰਜੀਨੀਅਰਿੰਗ, ਊਰਜਾ ਤੇ ਬਾਇਓਮਾਸ ਤੇ ਹੋਰ ਖੇਤਰਾਂ 'ਚ ਜਰਮਨਾਂ ਦੀ ਮੁਹਾਰਤ ਦੀ ਦੁਨੀਆ ਕਾਇਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੋਰ ਖੇਤਰਾਂ ਦੇ ਨਾਲ-ਨਾਲ ਇਨ੍ਹਾਂ ਖੇਤਰਾਂ ਵਿਚ ਨਿਵੇਸ਼ ਲਈ ਜਰਮਨਾਂ ਨਾਲ ਸਹਿਯੋਗ ਕਰਨ ਲਈ ਤਿਆਰ ਹੈ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਨਅਤੀ ਵਿਕਾਸ ’ਚ ਪੰਜਾਬ ਨੂੰ ਮੋਹਰੀ ਸੂਬੇ ਵਜੋਂ ਉਭਾਰਨ ਲਈ ਵਚਨਬੱਧ ਹੈ। ਪੰਜਾਬ 'ਚ ਨਿਵੇਸ਼ ਦੇ ਇੱਛੁਕ ਨਿਵੇਸ਼ਕ ਮਨਜ਼ੂਰੀ ਲਈ ਆਨਲਾਈਨ ਬਿਨੈ ਕਰ ਸਕਦੇ ਹਨ ਅਤੇ ਮਨਜ਼ੂਰੀਆਂ ਤੇਜ਼ੀ ਨਾਲ ਦਿੱਤੀਆਂ ਜਾਣਗੀਆਂ। ਭਗਵੰਤ ਮਾਨ ਨੇ ਕਿਹਾ ਕਿ ਵਧੀਆ ਮੌਸਮੀ ਹਾਲਾਤ ਤੇ ਅਮਨ ਦੇ ਨਾਲ-ਨਾਲ ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਕਤਈ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ, ਜਿਸ ਦਾ ਨਿਵੇਸ਼ਕਾਂ ਨੂੰ ਵੱਡੇ ਪੱਧਰ ਉਤੇ ਫਾਇਦਾ ਮਿਲ ਸਕਦਾ ਹੈ।