ਪਟਨਾ (ਪਾਇਲ): ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 359ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਸ਼ਰਧਾਲੂਆਂ ਦੀਆਂ ਸਹੂਲਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ, ਉਨ੍ਹਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।
ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 359ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਇਸ ਨਾਲ ਸਬੰਧਤ ਵੱਖ-ਵੱਖ ਥਾਵਾਂ ਦਾ ਨਿਰੀਖਣ ਕੀਤਾ।
ਦੱਸ ਦਇਏ ਕਿ ਨਿਰੀਖਣ ਦੌਰਾਨ ਮੁੱਖ ਮੰਤਰੀ ਨੇ ਪ੍ਰਕਾਸ਼ ਉਤਸਵ ਮੌਕੇ ਆਉਣ ਵਾਲੇ ਸ਼ਰਧਾਲੂਆਂ ਦੀ ਰਿਹਾਇਸ਼ ਅਤੇ ਹੋਰ ਸਹੂਲਤਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਮਾਈਕਰੋ ਲੇਬਲ 'ਤੇ ਹਰ ਚੀਜ਼ 'ਤੇ ਨਜ਼ਰ ਰੱਖਣ ਤਾਂ ਜੋ ਕਿਸੇ ਸ਼ਰਧਾਲੂ ਨੂੰ ਪ੍ਰੇਸ਼ਾਨੀ ਨਾ ਹੋਵੇ।
ਜਿਸ ਦੌਰਾਨ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸੰਗਤਾਂ ਦੀ ਸਹੂਲਤ ਲਈ ਕਈ ਕੰਮ ਕੀਤੇ ਗਏ ਹਨ ਅਤੇ ਹਰ ਇੱਕ ਗੱਲ ਵੱਲ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਲਈ ਇਹ ਅਹਿਮ ਸਥਾਨ ਹੈ। ਬਿਹਾਰ ਵਾਸੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਹੋਇਆ ਸੀ। ਲੋਕ ਇੱਥੇ ਬਾਹਰੋਂ ਵੱਡੀ ਗਿਣਤੀ ਵਿੱਚ ਆ ਰਹੇ ਹਨ, ਸਾਨੂੰ ਸਾਰਿਆਂ ਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਉਹ ਖੁਸ਼ੀ ਨਾਲ ਜਾਣ।
ਇਸ ਤੋਂ ਇਲਾਵਾ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਟਨਾ ਸਾਹਿਬ 'ਚ ਬਣੇ 'ਲਾਈਟ ਬੀਮ' ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਮਲਟੀਪਰਪਜ਼ ਲਾਈਟ ਸੈਂਟਰ ਅਤੇ ਗਾਰਡਨ ਪ੍ਰੋਜੈਕਟ ਵਿੱਚ ਪ੍ਰਦਰਸ਼ਿਤ ਸਿੱਖ ਧਰਮ ਦੀਆਂ ਅਧਿਆਤਮਿਕ ਸਿੱਖਿਆਵਾਂ, ਪ੍ਰਦਰਸ਼ਨੀਆਂ ਅਤੇ ਕਲਾਵਾਂ ਨੂੰ ਦੇਖਿਆ। ਉਨ੍ਹਾਂ ਲਾਈਟ ਬੀਮ ਦੇ ਸਾਹਮਣੇ ਨਿਰਮਾਣ ਅਧੀਨ ਵਾਚ ਟਾਵਰ ਦਾ ਵੀ ਨਿਰੀਖਣ ਕੀਤਾ ਅਤੇ ਕੰਮ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਕਿਹਾ ਕਿ ਜਦੋਂ ਇਹ ਵਾਚ ਟਾਵਰ ਬਣ ਜਾਵੇਗਾ ਤਾਂ ਸ਼ਰਧਾਲੂ ਇੱਥੋਂ ਲਾਈਟ ਬੀਮ ਦੇ ਹੋਰ ਵਧੀਆ ਤਰੀਕੇ ਨਾਲ ਦਰਸ਼ਨ ਕਰ ਸਕਣਗੇ। ਵਾਚ ਟਾਵਰ ਕੰਪਲੈਕਸ ਨੂੰ ਹਰਿਆ ਭਰਿਆ ਅਤੇ ਆਕਰਸ਼ਕ ਬਣਾਇਆ ਜਾ ਰਿਹਾ ਹੈ। ਛੱਪੜ ਦੀ ਉਸਾਰੀ ਦੇ ਨਾਲ-ਨਾਲ ਇੱਥੇ ਸੈਰ ਕਰਨ ਅਤੇ ਬੈਠਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਇੱਥੇ ਆਉਣ ਵਾਲੇ ਸ਼ਰਧਾਲੂ ਅਤੇ ਸਥਾਨਕ ਲੋਕ ਇਸ ਦਾ ਲਾਭ ਉਠਾ ਸਕਣ।
ਇਸ ਤੋਂ ਬਾਅਦ ਮੁੱਖ ਮੰਤਰੀ ਨੇ ਪਟਨਾ ਸ਼ਹਿਰ ਦੇ ਮਲਸਲਾਮੀ ਵਿੱਚ ਨਵੇਂ ਬਣੇ ਓਪੀ ਸ਼ਾਹ ਕਮਿਊਨਿਟੀ ਹਾਲ ਦਾ ਨਿਰੀਖਣ ਕੀਤਾ। ਨਿਰੀਖਣ ਦੌਰਾਨ ਉਨ੍ਹਾਂ ਸੰਗਤਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ। ਉਨ੍ਹਾਂ ਸਫਾਈ ਅਤੇ ਸੁਰੱਖਿਆ ਸਬੰਧੀ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ। ਇਸ ਤੋਂ ਬਾਅਦ ਮੁੱਖ ਮੰਤਰੀ ਨਿਤੀਸ਼ ਕੁਮਾਰ ਕੰਗਨ ਘਾਟ ਪਹੁੰਚੇ। ਉਨ੍ਹਾਂ ਕੰਗਣ ਘਾਟ ਵਿਖੇ ਸ਼ਰਧਾਲੂਆਂ ਲਈ ਬਣਾਏ ਗਏ ਟੈਂਟ ਸਿਟੀ ਦਾ ਨਿਰੀਖਣ ਕੀਤਾ ਅਤੇ ਉੱਥੋਂ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਲਈ।
ਜਿਸ ਸੰਬੰਧ 'ਚ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇੱਥੇ ਮਲਟੀ ਲੈਵਲ ਪਾਰਕਿੰਗ ਬਣਾਈ ਜਾਵੇਗੀ। ਨਿਰੀਖਣ ਦੌਰਾਨ ਜਲ ਸਰੋਤ ਅਤੇ ਸੰਸਦੀ ਮਾਮਲੇ ਮੰਤਰੀ ਵਿਜੇ ਕੁਮਾਰ ਚੌਧਰੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਦੀਪਕ ਕੁਮਾਰ, ਸੈਰ-ਸਪਾਟਾ ਵਿਭਾਗ ਦੇ ਸਕੱਤਰ ਲੋਕੇਸ਼ ਕੁਮਾਰ ਸਿੰਘ, ਮੁੱਖ ਮੰਤਰੀ ਦੇ ਸਕੱਤਰ ਕੁਮਾਰ ਰਵੀ, ਡਾ. ਚੰਦਰਸ਼ੇਖਰ ਸਿੰਘ, ਪਟਨਾ ਡਿਵੀਜ਼ਨ ਕਮਿਸ਼ਨਰ ਅਨੀਮੇਸ਼ ਪਰਾਸਰ, ਪਟਨਾ ਦੇ ਜ਼ਿਲ੍ਹਾ ਮੈਜਿਸਟਰੇਟ ਡਾ. ਤਿਆਗਰਾਜਨ ਐਸ.ਐਮ., ਸੀਨੀਅਰ ਪੁਲਿਸ ਸੁਪਰਡੈਂਟ ਕਾਰਤੀਕੇਯ ਕੇ. ਸ਼ਰਮਾ ਸਮੇਤ ਹੋਰ ਅਧਿਕਾਰੀ ਅਤੇ ਪ੍ਰਕਾਸ਼ ਪਰਵ ਪ੍ਰਬੰਧਕ ਕਮੇਟੀ ਨਾਲ ਜੁੜੇ ਲੋਕ ਮੌਜੂਦ ਸਨ।



