ਠੰਢ ਦਾ ਕਹਿਰ ਜਾਰੀ; 3.5 ਡਿਗਰੀ ਸੈਲਸੀਅਸ ਤਕ ਡਿੱਗਿਆ ਪਾਰਾ, ਜਾਣੋ ਅੱਗੇ ਦਾ ਹਾਲ…

by jaskamal

ਨਿਊਜ਼ ਡੈਸਕ (ਜਸਕਮਲ) : ਭਾਰਤੀ ਮੌਸਮ ਵਿਭਾਗ (IMD) ਨੇ ਦੱਸਿਆ ਕਿ ਵੀਰਵਾਰ ਰਾਤ ਦਿੱਲੀ 'ਚ ਘੱਟੋ-ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਈਐੱਮਡੀ ਦੇ ਅਨੁਸਾਰ, ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਸਮੇਤ ਉੱਤਰੀ ਸੂਬਿਆਂ 'ਚ ਅਗਲੇ ਦੋ ਦਿਨਾਂ ਤਕ ਕੜਾਕੇ ਦੀ ਠੰਢ ਦਾ ਕਹਿਰ ਜਾਰੀ ਰਹੇਗਾ, ਜਿਸ ਤੋਂ ਬਾਅਦ ਪਾਰਾ ਚੜ੍ਹਨਾ ਸ਼ੁਰੂ ਹੋ ਜਾਵੇਗਾ।

ਮੌਸਮ ਵਿਭਾਗ ਨੇ ਕਿਹਾ ਕਿ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਬਰਫ ਨਾਲ ਢਕੇ ਪੱਛਮੀ ਹਿਮਾਲੀਅਨ ਰੇਂਜ ਤੋਂ ਉੱਤਰੀ ਮੈਦਾਨੀ ਇਲਾਕਿਆਂ ਵੱਲ ਬਰਫੀਲੀਆਂ ਹਵਾਵਾਂ ਚੱਲ ਰਹੀਆਂ ਹਨ। ਆਈਐੱਮਡੀ ਨੇ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰੀ ਰਾਜਸਥਾਨ ਤੇ ਉੱਤਰ-ਪੱਛਮੀ, ਉੱਤਰ ਪ੍ਰਦੇਸ਼ 'ਚ ਕੁਝ ਤੋਂ ਲੈ ਕੇ ਬਹੁਤ ਸਾਰੇ ਹਿੱਸਿਆਂ 'ਚ ਪਾਰਾ ਹੋਰ ਹੇਠਾਂ ਜਾਣ ਦੀ ਭਵਿੱਖਬਾਣੀ ਕੀਤੀ ਹੈ ਹਾਲਾਂਕਿ ਇਸ ਤੋਂ ਬਾਅਦ ਠੰਢ ਦਾ ਅਸਰ ਘੱਟ ਜਾਵੇਗਾ।

ਰਾਸ਼ਟਰੀ ਰਾਜਧਾਨੀ 'ਚ ਵੀਰਵਾਰ ਨੂੰ ਪਾਰਾ 3.5 ਡਿਗਰੀ ਸੈਲਸੀਅਸ ਤਕ ਡਿੱਗਣ ਨਾਲ ਸੀਜ਼ਨ ਦਾ ਹੁਣ ਤਕ ਦਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ। ਆਈਐੱਮਡੀ ਦੇ ਖੇਤਰੀ ਭਵਿੱਖਬਾਣੀ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਆਈਏਐੱਨਐੱਸ ਨੂੰ ਦੱਸਿਆ, "ਰਿੱਜ ਆਬਜ਼ਰਵੇਟਰੀ ਨੇ ਘੱਟੋ-ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਸੀਤ ਲਹਿਰ ਦੀ ਸਥਿਤੀ 18 ਦਸੰਬਰ ਤਕ ਬਣੀ ਰਹੇਗੀ, ਜਿਸ ਤੋਂ ਬਾਅਦ ਤਾਪਮਾਨ ਇਕ ਡਿਗਰੀ ਵੱਧ ਜਾਵੇਗਾ।