ਪੰਜਾਬ ‘ਚ ਜਾਰੀ ਰਹੇਗਾ ਸੀਤ ਲਹਿਰ ਦਾ ਕਹਿਰ, ਇਨ੍ਹਾਂ ਸੂਬਿਆਂ ਨੂੰ ਮੌਸਮ ਵਿਭਾਗ ਦੀ ਚਿਤਾਵਨੀ…

by jaskamal

ਨਿਊਜ਼ ਡੈਸਕ (ਜਸਕਮਲ) : ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉੱਤਰ-ਪੱਛਮੀ ਤੇ ਮੱਧ ਭਾਰਤ 'ਚ ਅਗਲੇ ਚਾਰ ਦਿਨਾਂ ਤੱਕ ਸੀਤ ਲਹਿਰ ਦਾ ਕਹਿਰ ਜਾਰੀ ਰਹੇਗਾ। ਘੱਟੋ-ਘੱਟ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਤੱਕ ਘੱਟ ਜਾਵੇਗਾ। ਆਈਐੱਮਡੀ ਦੀ ਭਵਿੱਖਬਾਣੀ ਮੁਤਾਬਕ ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਅਤੇ ਮੀਂਹ ਦਾ ਦੌਰ ਅੱਜ ਵੀ ਜਾਰੀ ਰਹੇਗਾ।

ਆਈਐੱਮਡੀ ਮੁਤਾਬਕ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ 'ਚ ਬਰਫ਼ਬਾਰੀ ਦਾ ਦੌਰ ਅੱਜ ਵੀ ਜਾਰੀ ਰਹੇਗਾ। ਦੂਜੇ ਪਾਸੇ ਬਿਹਾਰ, ਝਾਰਖੰਡ, ਪੱਛਮੀ ਬੰਗਾਲ ਤੇ ਓਡੀਸ਼ਾ 'ਚ ਵੱਖ-ਵੱਖ ਥਾਵਾਂ 'ਤੇ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਦੇਸ਼ ਦੇ ਜ਼ਿਆਦਾਤਰ ਉੱਤਰੀ ਰਾਜਾਂ 'ਚ 30 ਜਨਵਰੀ ਤੱਕ ਭਾਰੀ ਠੰਢ ਤੇ ਸੀਤ ਲਹਿਰ ਦੀ ਭਵਿੱਖਬਾਣੀ ਕੀਤੀ ਹੈ।

ਇਨ੍ਹਾਂ ਰਾਜਾਂ ਲਈ ਯੈਲੋ ਅਲਰਟ
ਭਾਰਤੀ ਮੌਸਮ ਵਿਭਾਗ, ਨਵੀਂ ਦਿੱਲੀ ਦੇ ਖੇਤਰੀ ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਯੈਲੋ ਅਲਰਟ 'ਚ ਕਿਹਾ ਗਿਆ ਹੈ ਕਿ ਅਗਲੇ ਦੋ ਦਿਨਾਂ ਤਕ ਪੰਜਾਬ, ਹਰਿਆਣਾ, ਪੂਰਬੀ-ਪੱਛਮੀ ਉੱਤਰ ਪ੍ਰਦੇਸ਼, ਪੱਛਮੀ ਅਤੇ ਪੂਰਬੀ ਰਾਜਸਥਾਨ ਤੇ ਦਿੱਲੀ 'ਚ ਵੱਖ-ਵੱਖ ਥਾਵਾਂ 'ਤੇ ਸੀਤ ਲਹਿਰ ਦੀ ਸਥਿਤੀ ਜਾਰੀ ਰਹੇਗੀ।