ਰਾਮ ਮੰਦਰ ਦੇ ਉਦਘਾਟਨੀ ਸਮਾਗਮ ‘ਚ ਕਾਂਗਰਸ ਨਹੀਂ ਲਵੇਗੀ ਹਿੱਸਾ !

by jagjeetkaur

ਨਵੀਂ ਦਿੱਲੀ : ਅਯੁੱਧਿਆ 'ਚ ਬਣੇ ਰਾਮ ਮੰਦਰ ਦਾ ਉਦਘਾਟਨ 22 ਜਨਵਰੀ ਨੂੰ ਹੋਵੇਗਾ। ਮੰਦਿਰ ਟਰੱਸਟ ਨੇ ਇਸ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਧੀਰ ਰੰਜਨ ਚੌਧਰੀ ਸਮੇਤ ਕਈ ਸੀਨੀਅਰ ਕਾਂਗਰਸੀ ਨੇਤਾਵਾਂ ਨੂੰ ਸੱਦਾ ਦਿੱਤਾ ਸੀ।

ਕਾਂਗਰਸ ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਰਾਮ ਮੰਦਰ ਦੇ ਪਵਿੱਤਰ ਸਮਾਰੋਹ ਵਿੱਚ ਹਿੱਸਾ ਨਹੀਂ ਲਵੇਗੀ। ਪਾਰਟੀ ਨੇ ਕਿਹਾ ਹੈ ਕਿ ਇਹ ਭਾਜਪਾ-ਆਰਐਸਐਸ ਦਾ ਪ੍ਰੋਗਰਾਮ ਹੈ। ਇਸ ਲਈ ਉਨ੍ਹਾਂ ਦੇ ਆਗੂ ਇਸ ਵਿੱਚ ਹਿੱਸਾ ਨਹੀਂ ਲੈਣਗੇ। ਕਾਂਗਰਸ ਨੇ ਦੋਸ਼ ਲਾਇਆ ਕਿ ਆਰਐਸਐਸ-ਭਾਜਪਾ ਨੇ ਲੰਬੇ ਸਮੇਂ ਤੋਂ ਅਯੁੱਧਿਆ ਵਿੱਚ ਮੰਦਰ ਦਾ ਸਿਆਸੀ ਪ੍ਰਾਜੈਕਟ ਬਣਾਇਆ ਹੋਇਆ ਹੈ।

ਕਾਂਗਰਸ ਨੇ ਕਿਹਾ, "ਸਾਡੇ ਦੇਸ਼ ਵਿੱਚ ਕਰੋੜਾਂ ਲੋਕ ਭਗਵਾਨ ਰਾਮ ਦੀ ਪੂਜਾ ਕਰਦੇ ਹਨ। ਧਰਮ ਨਿੱਜੀ ਮਾਮਲਾ ਹੈ। ਪਰ ਆਰਐਸਐਸ/ਭਾਜਪਾ ਨੇ ਅਯੁੱਧਿਆ ਮੰਦਰ ਨੂੰ ਇੱਕ ਸਿਆਸੀ ਪ੍ਰੋਜੈਕਟ ਬਣਾ ਦਿੱਤਾ ਹੈ। ਭਾਜਪਾ ਅਤੇ ਆਰਐਸਐਸ ਦੇ ਨੇਤਾਵਾਂ ਵੱਲੋਂ ਚੋਣ ਲਾਭ ਲਈ ਅਧੂਰੇ ਮੰਦਰ ਦਾ ਉਦਘਾਟਨ ਕੀਤਾ ਜਾ ਰਿਹਾ ਹੈ।"

ਪਾਰਟੀ ਨੇ ਕਿਹਾ, "ਅਸੀਂ ਸੁਪਰੀਮ ਕੋਰਟ ਦੇ 2019 ਦੇ ਫੈਸਲੇ ਦਾ ਸਨਮਾਨ ਕਰਦੇ ਹਾਂ। ਭਗਵਾਨ ਰਾਮ, ਮੱਲਿਕਾਰਜੁਨ ਖੜਗੇ, ਸੋਨੀਆ ਗਾਂਧੀ ਅਤੇ ਅਧੀਰ ਰੰਜਨ ਚੌਧਰੀ ਦਾ ਸਤਿਕਾਰ ਕਰਨ ਵਾਲੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਦਾ ਆਦਰ ਕਰਦੇ ਹੋਏ, ਆਰਐਸਐਸ/ਭਾਜਪਾ ਦੇ ਸਮਾਗਮ ਦਾ ਸੱਦਾ ਠੁਕਰਾ ਦਿੱਤਾ ਹੈ।"