ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਡਿੰਪਾ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਮਸਲਿਆਂ ਨੂੰ ਚੁੱਕਿਆ ਤੇ ਨਾਲ ਹੀ ਉਨ੍ਹਾਂ ਨੂੰ ਇਸ ਸਬੰਧੀ ਇਕ ਮੰਗ ਪੱਤਰ ਵੀ ਦਿੱਤਾ। ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ ਡਿੰਪਾ ਨੇ ਕਿਹਾ ਕਿ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਇਲਾਕੇ ’ਚ ਕੇਂਦਰੀ ਹਥਿਆਰਬੰਦ ਪੁਲਿਸ ਫੋਰਸ ਦਾ ਭਰਤੀ ਕੈਂਪ ਲਾਇਆ ਜਾਣਾ ਚਾਹੀਦਾ ਹੈ ਤਾਂ ਜੋ ਸਰਹੱਦੀ ਇਲਾਕਿਆਂ ਦੇ ਨੌਜਵਾਨਾਂ ਨੂੰ ਹਥਿਆਰਬੰਦ ਪੁਲਿਸ ’ਚ ਭਰਤੀ ਕਰਵਾਉਣ ਦਾ ਰਾਹ ਖੁਲ ਸਕੇ।

ਉਨ੍ਹਾਂ ਕਿਹਾ ਕਿ ਆਈ. ਐੱਸ. ਆਈ. ਵੱਲੋਂ ਕਦੇ ਸਮਗਲਿੰਗ ਰਾਹੀਂ ਨਸ਼ੀਲੀਆਂ ਵਸਤਾਂ ਪੰਜਾਬ ’ਚ ਭੇਜੀਆ ਜਾਂਦੀਆਂ ਹਨ ਅਤੇ ਕਦੇ ਉਹ ਡਰੋਨ ਰਾਹੀਂ ਹਥਿਆਰ ਪੰਜਾਬ ’ਚ ਭੇਜਦੀ ਹੈ। ਸਰਹੱਦੀ ਇਲਾਕਿਆਂ ਦੇ ਨੌਜਵਾਨਾਂ ਨੂੰ ਸੀ. ਆਰ. ਪੀ. ਐੱਫ., ਬੀ. ਐੱਸ. ਐੱਫ਼., ਆਈ. ਟੀ. ਬੀ. ਪੀ. ਅਤੇ ਹੋਰਨਾਂ ਕੇਂਦਰੀ ਪੁਲਿਸ ਫੋਰਸਾਂ ’ਚ ਭਰਤੀ ਕੀਤਾ ਜਾਣਾ ਚਾਹੀਦਾ ਹੈ।

ਡਿੰਪਾ ਨੇ ਕਿਹਾ ਕਿ ਸਰਹੱਦ ’ਤੇ ਲੱਗੀ ਕੰਡਿਆਲੀ ਵਾੜ ਦੇ ਪਾਰ ਕਿਸਾਨਾਂ ਦੀਆਂ ਜ਼ਮੀਨਾਂ ਹਨ। ਉਨ੍ਹਾਂ ਨੂੰ ਫਸਲ ਦੀ ਬਿਜਾਈ ਲਈ ਢੁੱਕਵਾਂ ਸਮਾਂ ਨਹੀਂ ਮਿਲਦਾ। ਉਨ੍ਹਾਂ ਮੰਗ ਕੀਤੀ ਕਿ ਐੱਸ. ਐੱਸ. ਸੀ. ਜਨਰਲ ਡਿਊਟੀ ਕਾਂਸਟੇਬਲਾਂ ਦੀ ਜਿਹੜੀ ਕੇਂਦਰੀ ਹਥਿਆਰਬੰਦ ਫੋਰਸਾਂ ’ਚ ਭਰਤੀ ਹੋਈ ਸੀ, ਦੇ ਬੱਚਿਆਂ ਨੇ ਲਿਖਤੀ, ਸਰੀਰਿਕ ਅਤੇ ਮੈਡੀਕਲ ਟੈਸਟ ਪਾਸ ਕਰ ਲਏ ਸਨ ਪਰ ਅਜੇ ਤੱਕ ਬੱਚਿਆਂ ਨੂੰ ਨਿਯੁਕਤੀ ਪੱਤਰ ਨਹੀਂ ਮਿਲਿਆ।