ਨਵੀਂ ਦਿੱਲੀ (ਇੰਦਰਜੀਤ ਸਿੰਘ) : ਦਿੱਲੀ ਵਿਧਾਨ ਸਭਾ ਚੋਣ ਪ੍ਰਚਾਰ ਨੂੰ ਲੈ ਕੇ ਕਾਂਗਰਸ ਦੇ ਸਟਾਰ ਪ੍ਰਚਾਰਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਲਕਾਜੀ ਵਿਧਾਨ ਸਭਾ ਤੋਂ ਕਾਂਗਰਸ ਉਮੀਦਵਾਰ ਸ਼ਿਵਾਨੀ ਚੋਪੜਾ ਦੇ ਸਮਰਥਨ ਵਿਚ ਰੋਡ ਸ਼ੋਅ ਕੀਤਾ। ਰੋਡ ਸ਼ੋਅ ਵਿਚ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਭਾਸ਼ ਚੋਪੜਾ ਅਤੇ ਕਾਲਕਾਜੀ ਤੋਂ ਉਮੀਦਵਾਰ ਸ਼ਿਵਾਨੀ ਚੋਪੜਾ ਵੀ ਮੌਜੂਦ ਰਹੀ। ਇਸ ਦੌਰਾਨ ਕਾਂਗਰਸੀ ਸਮਰਥਕਾਂ ਨੇ ਨਾਅਰੇਬਾਜ਼ੀ ਵੀ ਕੀਤੀ।ਕੈਪਟਨ ਅਮਰਿੰਦਰ ਸਿੰਘ ਨੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਨੇ ਕਾਲਕਾਜੀ ਨੂੰ ਇਕ ਨੌਜਵਾਨ ਉਮੀਦਵਾਰ ਦਿੱਤਾ ਹੈ।
ਸ਼ਿਵਾਨੀ ਚੋਪੜਾ ਨਵੀਂ ਪੀੜ੍ਹੀ ਦੀ ਯੁਵਾ ਉਮੀਦਵਾਰ ਹੋਣ ਦੇ ਨਾਲ-ਨਾਲ ਇਕ ਸਿੱਖਿਅਤ ਅਤੇ ਜੁਝਾਰੂ ਉਮੀਦਵਾਰ ਹੈ। ਉਨ੍ਹਾਂ ਲੋਕਾਂ ਤੋਂ ਅੱਠ ਫਰਵਰੀ ਨੂੰ ਹੱਥ ਦਾ ਬਟਨ ਦਬਾ ਕੇ ਕਾਂਗਰਸੀ ਉਮੀਦਵਾਰ ਨੂੰ ਆਪਣੀ ਵੋਟ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਇਤਿਹਾਸ ਰਿਹਾ ਹੈ ਕਿ ਦਿੱਲੀ ਵਿਚ ਉਸ ਨੇ 15 ਸਾਲ ਸ਼ਾਸਨ ਵਿਚ ਰਹਿ ਕੇ ਦਿੱਲੀ ਦਾ ਸਮੂਹਿਕ ਵਿਕਾਸ ਕੀਤਾ ਹੈ। ਸੁਭਾਸ਼ ਚੋਪੜਾ ਨੇ ਇੱਥੇ ਆਪ ਵਿਧਾਇਕ ਰਹਿੰਦੇ ਹੋਏ ਕਾਲਕਾਜੀ ਵਿਚ ਜਿਹੜੇ ਵਿਕਾਸ ਕੰਮ ਕੀਤੇ ਹਨ, ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹਨ। ਜਦਕਿ ਪਿਛਲੇ ਪੰਜ ਸਾਲਾਂ ਵਿਚ ਚੱਲਦੀਆਂ ਹੋਈਆਂ ਯੋਜਨਾਵਾਂ ਵੀ ਰੁਕੀਆਂ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੱਤਾ ਵਿਚ ਆਉਣ 'ਤੇ ਉਹ ਯੋਜਨਾਵਾਂ ਫਿਰ ਚਾਲੂ ਕਰੇਗੀ।ਰੋਡ ਸ਼ੋਅ ਕਾਂਗਰਸ ਦੇ ਦਸਮੇਸ਼ ਚੌਕ ਸਥਿਤ ਚੋਣ ਦਫ਼ਤਰ ਤੋਂ ਸ਼ੁਰੂ ਹੋ ਕੇ ਐੱਮ ਬਲਾਕ ਰਵਿਦਾਸ ਮਾਰਗ ਤੋਂ ਹੁੰਦਾ ਹੋਇਆ ਮਹਾਰਿਸ਼ੀ ਵਾਲਮੀਕਿ ਚੌਕ ਗਲੀ ਨੰਬਰ 13 'ਤੇ ਸਮਾਪਤ ਹੋਇਆ। ਇਸ ਦੌਰਾਨ ਐੱਲ ਬਲਾਕ ਗੁਰਦੁਆਰੇ ਵਿਚ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।



