ਨਿਊਜ਼ ਡੈਸਕ (ਜਸਕਮਲ) : ਕਾਂਗਰਸ ਨੇ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ 23 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਵੱਲੋਂ ਬਦਲੇ ਗਏ ਮੌਜੂਦਾ ਵਿਧਾਇਕਾਂ 'ਚ ਸਮਰਾਲਾ ਤੋਂ ਅਮਰੀਕ ਸਿੰਘ ਢਿੱਲੋਂ, ਸ਼ੁਤਰਾਣਾ ਤੋਂ ਨਿਰਮਲ ਸਿੰਘ, ਅਮਰਗੜ੍ਹ ਤੋਂ ਸੁਰਜੀਤ ਸਿੰਘ ਧੀਮਾਨ ਤੇ ਫਿਰੋਜ਼ਪੁਰ ਦਿਹਾਤੀ ਤੋਂ ਸਤਕਾਰ ਕੌਰ ਸ਼ਾਮਲ ਹਨ। ਅਮਰਗੜ੍ਹ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਸਮਿਤ ਸਿੰਘ ਨੇ ਧੀਮਾਨ ਦੀ ਥਾਂ ਲੈ ਲਈ ਹੈ, ਜਿਨ੍ਹਾਂ ਦੇ ਪੁੱਤਰ ਜਸਵਿੰਦਰ ਧੀਮਾਨ ਨੂੰ ਸੁਨਾਮ ਤੋਂ ਮੈਦਾਨ 'ਚ ਉਮੀਦਵਾਰੀ ਸੌਂਪੀ ਗਈ ਹੈ।
ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਨੂੰਹ ਕਰਨ ਬਰਾੜ ਮੁਕਤਸਰ ਤੋਂ ਚੋਣ ਮੈਦਾਨ 'ਚ ਹਨ। ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮ ਬਾਜਵਾ ਨੂੰ ਸਾਹਨੇਵਾਲ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਗਈ ਹੈ। ਪੰਜਾਬ ਦੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਨੂੰ ਬਟਾਲਾ ਵਿਧਾਨ ਸਭਾ ਸੀਟ ਤੋਂ ਟਿਕਟ ਦਿੱਤੀ ਗਈ ਹੈ, ਜਿਥੋਂ ਉਹ ਪਿਛਲੀ ਵਾਰ ਹਾਰ ਗਏ ਸਨ। ਸਾਬਕਾ ਵਿਧਾਇਕ ਹਰਚੰਦ ਕੌਰ ਨੂੰ ਮਹਿਲ ਕਲਾਂ (ਐੱਸਸੀ) ਹਲਕੇ ਤੋਂ ਚੋਣ ਮੈਦਾਨ 'ਚ ਹਨ।
ਭੋਆ (ਐੱਸਸੀ) ਸੀਟ ਤੋਂ ਮੌਜੂਦਾ ਵਿਧਾਇਕ ਜੋਗਿੰਦਰ ਪਾਲਾ ਨੂੰ ਤੇ ਰਮਨਜੀਤ ਸਿੰਘ ਸਿੱਕੀ ਨੂੰ ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ। ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ ਸੋਢੀ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਨੇ ਗੁਰੂਹਰਸਹਾਏ ਤੋਂ ਵਿਜੇ ਕਾਲੜਾ ਨੂੰ ਵੀ ਉਮੀਦਵਾਰ ਬਣਾਇਆ ਹੈ। ਕੋਟਕਪੂਰਾ ਵਿਧਾਨ ਸਭਾ ਹਲਕੇ ਤੋਂ ਅਜੇ ਪਾਲ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਹੈ। ਹਾਲ ਹੀ 'ਚ ਆਪ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਆਸ਼ੂ ਬੰਗੜ ਨੂੰ ਫਿਰੋਜ਼ਪੁਰ ਦਿਹਾਤੀ ਤੋਂ ਉਮੀਦਵਾਰੀ ਸੌਂਪੀ ਗਈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਾਂਗੜ ਨੂੰ ਕਾਂਗਰਸ ਦੀ ਟਿਕਟ ਦਿਵਾਉਣ ਦਾ ਵਾਅਦਾ ਕੀਤਾ ਸੀ, ਜਿਸ ਨੇ 'ਆਪ' ਲੀਡਰਸ਼ਿਪ 'ਤੇ ਦੋਸ਼ ਲਾਉਣ ਤੋਂ ਬਾਅਦ ਕਾਂਗਰਸ ਦਾ ਪੱਲਾ ਫੜ ਲਿਆ ਸੀ।
ਸ਼ੁਤਰਾਣਾ ਤੋਂ ਨਿਰਮਲ ਸਿੰਘ ਦੀ ਥਾਂ ਦਰਬਾਰਾ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ, ਜਦਕਿ ਸਮਰਾਲਾ ਤੋਂ ਚਾਰ ਵਾਰ ਵਿਧਾਇਕ ਰਹੇ ਅਮਰੀਕ ਸਿੰਘ ਢਿੱਲੋਂ ਦੀ ਥਾਂ ਰਾਜ ਗਿੱਲ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ।



