ਪੰਜਾਬ ‘ਚ ਕੋਰੋਨਾ ਦਾ ਕਹਿਰ, 3 ਲੋਕਾਂ ਦੀ ਹੋ ਰਹੀ ਹੈ ਹਰੇਕ ਘੰਟੇ ਮੌਤ

by vikramsehajpal

ਜਲੰਧਰ (ਦੇਵ ਇੰਦਰਜੀਤ) : ਕੋਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਪੰਜਾਬ ਵਿਚ ਵਧਦਾ ਹੀ ਜਾ ਰਿਹਾ ਹੈ। ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਮਹਾਮਾਰੀ ਦਾ ਸਭ ਤੋਂ ਭਿਆਨਕ ਦੌਰ ਮੌਜੂਦਾ ਸਮੇਂ ਵਿਚ ਚੱਲ ਰਿਹਾ ਹੈ। ਜੇਕਰ ਅਪ੍ਰੈਲ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਇਸ ਇਕੱਲੇ ਮਹੀਨੇ ਵਿਚ ਹਰੇਕ ਘੰਟੇ ਤਿੰਨ ਲੋਕ ਇਸ ਮਹਾਮਾਰੀ ਦੀ ਭੇਂਟ ਚੜ੍ਹ ਰਹੇ ਹਨ। ਦੱਸ ਦਈਏ ਕੀ 1 ਤੋਂ 28 ਅਪ੍ਰੈਲ ਦੇ ਵਿਚਾਲੇ ਕੁੱਲ 1,18,020 ਲੋਕ ਕੋਰੋਨਾ ਦੀ ਲਪੇਟ ਵਿਚ ਆਏ ਤੇ ਇਨ੍ਹਾਂ ਵਿਚੋਂ 1904 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ। ਜੇਕਰ ਇਸ ਸਮੇਂ ਦੌਰਾਨ ਮੌਤ ਦਰ ਦੀ ਗੱਲ ਕੀਤੀ ਜਾਵੇ ਤਾਂ ਹਰੇਕ ਘੰਟੇ ਵਿਚ 2.83 ਮੌਤਾਂ ਹੋਈਆਂ ਹਨ। ਇਸ ਦੇ ਮੁਕਾਬਲੇ ਬੀਤੇ ਮਾਰਚ ਮਹੀਨੇ ਵਿਚ 2.63 ਮੌਤਾਂ ਦਰਜ ਕੀਤੀਆਂ ਗਈਆਂ ਸਨ ਜੋ ਕਿ ਪਿਛਲਾ ਰਿਕਾਰਡ ਸੀ।

ਇਥੇ ਦੱਸਣਾ ਬਣਦਾ ਹੈ ਕਿ ਕੋਰੋਨਾ ਦੀ ਪਹਿਲੀ ਲਹਿਰ ਵਿਚਾਲੇ ਜਦੋਂ ਪੰਜਾਬ ਵਿਚ ਸਭ ਤੋਂ ਬੁਰੇ ਹਾਲਾਤ ਸਨ ਤਾਂ ਉਦੋਂ ਮੌਤ ਦਰ 1.39 ਪ੍ਰਤੀ ਘੰਟਾ ਸੀ। 5 ਅਪ੍ਰੈਲ ਨੂੰ ਸੂਬੇ ਵਿਚ 49 ਲੋਕਾਂ ਨੇ ਆਪਣੀ ਜਾਨ ਗੁਆਈ ਤੇ ਇਸ ਤੋਂ ਬਾਅਦ ਤੋਂ ਸੂਬੇ ਵਿਚ ਮੌਤਾਂ ਦੀ ਗਿਣਤੀ 50 ਤੋਂ ਉਪਰ ਰਹੀ ਹੈ। ਇਸ ਤੋਂ ਬਾਅਦ ਬੀਤੇ ਦਿਨ 28 ਅਪ੍ਰੈਲ ਨੂੰ 142 ਲੋਕਾਂ ਨੇ ਇਸ ਮਹਾਮਾਰੀ ਕਾਰਨ ਆਪਣੀ ਜਾਨ ਗੁਆ ਦਿੱਤੀ। ਹਾਲ ਦੇ ਹਫਤਿਆਂ ਵਿਚ ਸੂਬੇ ਵਿਚ ਮੌਤਾਂ ਵਿਚ ਤਕਰੀਬਨ 33 ਫੀਸਦ ਦਾ ਉਛਾਲ ਆਇਆ ਹੈ। ਬੀਤੇ ਹਫਤੇ ਵਿਚ ਹੋਈਆਂ 589 ਮੌਤਾਂ ਵਿਚ ਸਭ ਤੋਂ ਵਧੇਰੇ ਅੰਮ੍ਰਿਤਸਰ (76) ਦੇ ਮਾਮਲੇ ਹਨ।

ਇਸ ਤੋਂ ਬਾਅਦ ਲੁਧਿਆਣਾ ਵਿਚ 64, ਪਟਿਆਲਾ ਵਿਚ 62 ਤੇ ਮੋਹਾਲੀ ਵਿਚ 56 ਲੋਕਾਂ ਨੇ ਆਪਣੀ ਜਾਨ ਗੁਆਈ। ਇਸ ਦੇ ਨਾਲ ਹੀ ਹਾਲ ਦੇ ਹਫਤਿਆਂ ਵਿਚ ਰੋਜ਼ਾਨਾਂ ਦੇ ਨਵੇਂ ਮਾਮਲਿਆਂ ਤੇ ਗੰਭੀਰ ਰੋਗੀਆਂ ਦੀ ਗਿਣਤੀ ਵਿਚ ਵੱਡਾ ਉਛਾਲ ਦੇਖਣ ਨੂੰ ਮਿਲਿਆ। 28 ਅਪ੍ਰੈਲ ਦੀ ਰਿਪੋਰਟ ਮੁਤਾਬਕ 97 ਲੋਕ ਇਸ ਵੇਲੇ ਗੰਭੀਰ ਹਾਲਤ ਵਿਚ ਤੇ ਵੈਂਟੀਲੇਟਰ ਉੱਤੇ ਹਨ ਤੇ 700 ਲੋਕਾਂ ਨੂੰ ਆਕਸੀਜਨ ਸਪੋਰਟ ਉੱਤੇ ਰੱਖਿਆ ਗਿਆ ਹੈ। ਜੇਕਰ ਇਸ ਸਾਲ ਦੀ ਗੱਲ ਕੀਤੀ ਜਾਵੇ ਤਾਂ 1 ਜਨਵਰੀ ਤੋਂ 27 ਅਪ੍ਰੈਲ ਤੱਕ ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ 3,289 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਕਿ ਮਹਾਰਾਸ਼ਟਰ ਤੋਂ ਬਾਅਦ ਦੇਸ਼ ਵਿਚ ਪੰਜਵੀਂ ਵੱਡੀ ਗਿਣਤੀ ਹੈ, ਜਿਥੇ 16,658 ਲੋਕਾਂ ਦੀ ਮੌਤ ਹੋ ਗਈ ਹੈ।