ਪੰਜਾਬ ‘ਚ ਕੋਰੋਨਾ ਦਾ ਕਹਿਰ- Sunday Lockdown,ਕਰਫਿਊ ਦਾ ਸਮਾਂ ਵਧਿਆ, ਨਵੀਆਂ ਗਾਈਡਲਾਈਨਜ਼ ਜਾਰੀ

by vikramsehajpal

ਚੰਡੀਗਡ਼੍ਹ (ਦੇਵ ਇੰਦਰਜੀਤ)- ਕੋਵਿਡ ਦੇ ਕੇਸ ਪੂਰੇ ਦੇਸ਼ ਵਿਚ ਤੇਜ਼ੀ ਨਾਲ ਵੱਧ ਰਹੇ ਹਨ। ਪੰਜਾਬ ਭਰ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸਖਤ ਪਾਬੰਦੀਆਂ ਦੇ ਆਦੇਸ਼ ਦਿੱਤੇ ਹਨ, ਜਿਨ੍ਹਾਂ ਵਿਚ ਰਾਤ ਦੇ ਕਰਫਿਊ ਦਾ ਸਮਾਂ ਵਧਾਉਣਾ (ਸ਼ਾਮ 8 ਵਜੇ ਤੋਂ ਸਵੇਰੇ 5 ਵਜੇ), ਸਾਰੇ ਬਾਰਾਂ ਨੂੰ ਬੰਦ ਕਰਨਾ, ਸਿਨੇਮਾ ਹਾਲ, ਜਿੰਮ, ਸਪਾ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਬੰਦ ਤੇ ਰੈਸਟੋਰੈਂਟ ਅਤੇ ਹੋਟਲ ਸਮੇਤ ਸੋਮਵਾਰ ਤੋਂ ਸ਼ਨੀਵਾਰ ਤੱਕ ਸਿਰਫ ਟੇਕਵੇਅ ਅਤੇ ਹੋਮ ਡਲਿਵਰੀ ਲਈ ਖੁੱਲ੍ਹੇ ਰਹਿਣ ਦਾ ਫੈਸਲਾ ਲਿਆ ਗਿਆ ਹੈ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਨਵੀਂ ਪਾਬੰਦੀਆਂ, ਜਿਸ ਵਿਚ ਐਤਵਾਰ ਨੂੰ ਸਾਰੇ ਮਾਲ, ਦੁਕਾਨਾਂ ਅਤੇ ਬਾਜ਼ਾਰਾਂ, ਹਫਤਾਵਾਰੀ ਬਾਜ਼ਾਰਾਂ ਨੂੰ ਵੀ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਨਾਲ ਹੀ ਇਸ ਤੋਂ ਪਹਿਲਾਂ ਲਗਾਈਆਂ ਗਈਆਂ ਪਾਬੰਦੀਆਂ 30 ਅਪ੍ਰੈਲ ਤੱਕ ਲਾਗੂ ਰਹਿਣਗੀਆਂ। ਪੁਲਿਸ ਵਿਭਾਗ ਨੂੰ ਇਹ ਪਾਬੰਦੀਆਂ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਅਤੇ ਸਮਰਥਨ ਲਈ ਸਿਵਲ ਸੁਸਾਇਟੀ ਸੰਗਠਨਾਂ ਦੀ ਜਿੱਥੇ ਲੋੜ ਹੋਵੇ, ਸਹਿਯੋਗ ਲੈ ਸਕਦੇ ਹਨ ।ਵਿਆਹਾਂ/ਸਸਕਾਰ ਸਮੇਤ 20 ਤੋਂ ਵੱਧ ਵਿਅਕਤੀਆਂ ਦੇ ਇਕੱਠ 'ਤੇ ਵੀ ਰਾਜ ਭਰ ਵਿਚ ਪਾਬੰਦੀ ਲਗਾਈ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲਾਂ ਤੋਂ ਪ੍ਰਵਾਨਗੀ ਲੈ ਕੇ ਸਸਕਾਰ ਨੂੰ ਛੱਡ ਕੇ 10 ਤੋਂ ਵੱਧ ਵਿਅਕਤੀਆਂ ਦੇ ਸਾਰੇ ਇਕੱਠਾਂ ਲਈ ਲੋੜੀਂਦੀ ਪ੍ਰਵਾਨਗੀ ਲੈਣੀ ਪਵੇਗੀ।

ਮੁੱਖ ਮੰਤਰੀ ਨੇ ਟਰਾਂਸਪੋਰਟ ਵਿਭਾਗ ਨੂੰ ਹਦਾਇਤ ਕੀਤੀ ਕਿ ਬੱਸਾਂ / ਟੈਕਸੀ ਅਤੇ ਆਟੋ ਵਿਚਲੇ ਲੋਕਾਂ ਦੀ ਸਮਰੱਥਾ 50 ਫੀਸਦੀ ਤੱਕ ਸੀਮਤ ਕੀਤੀ ਜਾਵੇ। ਆਉਣ ਵਾਲੇ ਯਾਤਰੀਆਂ ਦੀ ਜਾਂਚ ਕਰਨ ਲਈ ਮੁੱਖ ਮੰਤਰੀ ਨੇ ਇਹ ਵੀ ਹਦਾਇਤ ਕੀਤੀ ਕਿ ਰੈਪਿਡ ਐਂਟੀਜੇਨ ਟੈਸਟਿੰਗ (ਆਰ.ਏ.ਟੀ.) ਟੈਸਟਿੰਗ ਬੂਥਾਂ ਨੂੰ ਬੱਸ ਅੱਡੇ ਅਤੇ ਰੇਲਵੇ ਸਟੇਸ਼ਨਾਂ 'ਤੇ ਸਥਾਪਤ ਕੀਤਾ ਜਾਵੇ ਅਤੇ ਸਾਰੇ ਯਾਤਰੀਆਂ ਦੀ ਜਾਂਚ ਕੀਤੀ ਜਾਵੇ। ਸਾਰੇ ਯੋਗ ਵਿਅਕਤੀਆਂ ਨੂੰ ਵੀ ਟੀਕਾ ਲਗਵਾਉਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਪਟਵਾਰੀਆਂ ਦੀਆਂ ਭਰਤੀਆਂ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਤੇ ਸਖਤ ਸ਼ਬਦਾਂ ਵਿਚ ਜ਼ੋਰ ਪਾਇਆ ਅਤੇ ਮੈਡੀਕਲ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਪਹਿਲੀ, ਦੂਜੀ ਅਤੇ ਤੀਜੀ ਸਾਲ ਦੇ ਐਮਬੀਬੀਐਸ / ਬੀਡੀਐਸ / ਬੀਐਮਐਸ ਅਤੇ ਪਹਿਲੇ ਸਾਲ ਦੇ ਨਰਸਿੰਗ ਵਿਦਿਆਰਥੀਆਂ ਦੀ ਆਨਲਾਈਨ ਪ੍ਰੀਖਿਆ ਕਰਵਾਉਣ।

ਮੁੱਖ ਮੰਤਰੀ ਨੇ ਸਮੂਹ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਨੇਤਾਵਾਂ ਨੂੰ ਵੱਡੇ ਇਕੱਠਾਂ ਦੇ ਆਯੋਜਨ, ਟੀਕਾਕਰਨ ਨੂੰ ਉਤਸ਼ਾਹਤ ਕਰਨ ਅਤੇ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਅਪੀਲ ਨੂੰ ਦੁਹਰਾਇਆ।