ਕੋਰੋਨਾ ਦੀ ਰਫ਼ਤਾਰ ਥੱਮੀ ਇਕ ਦਿਨ ‘ਚ 1.27 ਲੱਖ ਮਾਮਲੇ, 3 ਹਜ਼ਾਰ ਤੋਂ ਘੱਟ ਮੌਤਾਂ

by vikramsehajpal

ਦਿੱਲੀ (ਦੇਵ ਇੰਦਰਜੀਤ) : ਕੇਂਦਰੀ ਸਿਹਤ ਮੰਤਰਾਲਾ ਵਲੋਂ ਮੰਗਲਵਾਰ ਯਾਨੀ ਕਿ ਅੱਜ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ 1,27,510 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 2,81,75,044 ਹੋ ਗਈ ਹੈ। ਭਾਰਤ ’ਚ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ 18,95,520 ਹੈ। ਇਕ ਦਿਨ ਵਿਚ 2,55,287 ਲੋਕ ਕੋਰੋਨਾ ਮਹਾਮਾਰੀ ਤੋਂ ਠੀਕ ਹੋਏ ਹਨ, ਇਸ ਤਰ੍ਹਾਂ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 2,59,47,629 ਹੋ ਗਈ ਹੈ। ਦਿੱਲੀ, ਮਹਾਰਾਸ਼ਟਰ ’ਚ ਵੀ ਕੋਰੋਨਾ ਮਾਮਲੇ ਘਟੇ ਹਨ। ਮਹਾਰਾਸ਼ਟਰ ’ਚ ਪਿਛਲੇ 24 ਘੰਟਿਆਂ ਦੌਰਾਨ 15,077 ਮਾਮਲੇ ਸਾਹਮਣੇ ਆਏ ਹਨ, ਜਦਕਿ 33 ਹਜ਼ਾਰ ਕੋਰੋਨਾ ਮਰੀਜ਼ ਠੀਕ ਹੋਏ ਹਨ। ਇਸ ਤਰ੍ਹਾਂ ਦਿੱਲੀ ਵਿਚ ਵੀ ਸੋਮਵਾਰ ਨੂੰ 648 ਲੋਕ ਕੋਰੋਨਾ ਪਾਜ਼ੇਟਿਵ ਆਏ ਹਨ, ਜਦਕਿ 1,622 ਕੋਰੋਨਾ ਮਰੀਜ਼ ਠੀਕ ਹੋਏ ਹਨ।

ਦੇਸ਼ ਵਿਚ ਕੋਰੋਨਾ ਵਾਇਰਸ ਦੀ ਰਫ਼ਤਾਰ ਤੇਜ਼ੀ ਨਾਲ ਘੱਟ ਹੋ ਰਹੀ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ ’ਚ ਵੀ ਇਜ਼ਾਫਾ ਹੋ ਰਿਹਾ ਹੈ। ਮੌਤਾਂ ਦੇ ਅੰਕੜਿਆਂ ਵਿਚ ਵੀ ਥੋੜ੍ਹੀ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 2,795 ਮਰੀਜ਼ਾਂ ਦੀ ਇਸ ਮਹਾਮਾਰੀ ਨਾਲ ਮੌਤ ਹੋ ਗਈ ਹੈ। ਜਿਸ ਨਾਲ ਮੌਤਾਂ ਦਾ ਅੰਕੜਾ 3,31,895 ਹੋ ਗਿਆ ਹੈ।

ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ’ਚ ਹੁਣ ਤੱਕ 21,60,46,638 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਇਕ ਦਿਨ ਵਿਚ ਯਾਨੀ ਕਿ ਸੋਮਵਾਰ ਨੂੰ 27,80,058 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ। ਦੱਸ ਦੇਈਏ ਕਿ ਕੋਰੋਨਾ ਟੀਕਾਕਰਨ 16 ਜਨਵਰੀ 2021 ਤੋਂ ਸ਼ੁਰੂ ਹੋਇਆ।