ਕੋਰੋਨਾ ਵਾਇਰਸ : ਬੰਗਲਾਦੇਸ਼ ‘ਚ 1 ਜੁਲਾਈ ਤੋਂ ਲੋਕਡਾਊਨ

by vikramsehajpal

ਢਾਕਾ (ਦੇਵ ਇੰਦਰਜੀਤ) : ਬੰਗਾਲਦੇਸ਼ ਵਿਚ ਜਨਤਕ ਆਵਾਜਾਈ ਸੇਵਾਵਾਂ 23 ਜੂਨ ਤੋਂ ਠੱਪ ਹਨ। ਅਜਿਹੇ ਵਿਚ ਮਜ਼ਦੂਰਾਂ ਵਿਚਾਲੇ ਢਾਕਾ ਛੱਡਣ ਦੀ ਜਲਦੀ ਹੈ। ਉਹਨਾਂ ਦੀ ਜਲਦਬਾਜ਼ੀ ਦੇਖ ਕਿਸ਼ਤੀ ਸੇਵਾਵਾਂ ਵੀ 24 ਘੰਟੇ ਕੰਮ ਕਰ ਰਹੀਆਂ ਹਨ। ਕਿਸ਼ਤੀਆਂ 'ਤੇ ਸਮਰੱਥਾ ਤੋਂ ਵੱਧ ਲੋਕ ਸਵਾਰ ਹੋ ਰਹੇ ਹਨ। ਇਕ-ਇਕ ਕਿਸ਼ਤੀ 'ਤੇ ਹਜ਼ਾਰਾਂ ਲੋਕ ਸਫਰ ਕਰ ਰਹੇ ਹਨ। ਮੁੰਸ਼ੀਗੰਜ ਪੋਰਟ 'ਤੇ ਤਾਇਨਾਤ ਸਬ ਇੰਸਪੈਕਟਰ ਮੁਹੰਮਦ ਰੇਜਾ ਦੱਸਦੇ ਹਨ ਕਿ ਅਸੀਂ ਨਹੀਂ ਚਾਹੁੰਦੇ ਕਿ ਲੋਕ ਸਮਰੱਥਾ ਤੋਂ ਵੱਧ ਸਵਾਰ ਹੋਣ ਪਰ ਮਜ਼ਦੂਰ ਇਹ ਗੱਲ ਸਮਝਣ ਲਈ ਤਿਆਰ ਹੀ ਨਹੀਂ ਹਨ।

ਬੰਗਲਾਦੇਸ਼ ਵਿਚ 1 ਜੁਲਾਈ ਤੋਂ 14 ਦਿਨਾਂ ਦੀ ਸਖ਼ਤ ਤਾਲਾਬੰਦੀ ਲੱਗਣ ਜਾ ਰਹੀ ਹੈ, ਜੋ ਪ੍ਰਵਾਸੀ ਮਜ਼ਦੂਰਾਂ ਲਈ ਮੁਸੀਬਤ ਬਣ ਗਈ ਹੈ। ਤਾਲਾਬੰਦੀ ਦੀ ਮਾਰ ਤੋਂ ਬਚਣ ਲਈ ਮਜ਼ਦੂਰ ਜਲਦੀ ਤੋਂ ਜਲਦੀ ਰਾਜਧਾਨੀ ਢਾਕਾ ਛੱਡਣਾ ਚਾਹੁੰਦੇ ਹਨ। ਵਾਪਸ ਪਰਤਣ ਲਈ ਉਹ ਬਾਈਕ, ਆਟੋ ਰਿਕਸ਼ਾ, ਲੋਡਿੰਗ ਆਟੋ, ਟਰੱਕ ਅਤੇ ਐਂਬੂਲੈਂਸ ਤੱਕ ਦਾ ਸਹਾਰਾ ਲੈ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਤਾਲਾਬੰਦੀ ਦੌਰਾਨ ਸਾਡੇ ਕੋਲ ਕੰਮ ਨਹੀਂ ਹੁੰਦਾ। ਅਸੀਂ ਕੰਮ ਨਹੀਂ ਕਰਾਂਗੇ ਤਾਂ ਕਿਰਾਇਆ ਕਿਵੇਂ ਦੇਵਾਂਗੇ। ਆਪਣਾ ਢਿੱਡ ਕਿਵੇਂ ਭਰਾਂਗੇ। ਇਸ ਲਈ ਅਸੀਂ ਸਾਰਾ ਸਾਮਾਨ ਬੰਨ ਕੇ ਪਿੰਡ ਪਰਤ ਰਹੇ ਹਾਂ। ਇਸ ਸਮੇਂ ਲਗਾਈ ਜਾ ਰਹੀ ਤਾਲਾਬੰਦੀ ਵਿਚ ਸ਼ਹਿਰ ਛੱਡਣ ਦੇ ਇਲਾਵਾ ਸਾਡੇ ਕੋਲ ਦੂਜਾ ਕੋਈ ਵਿਕਲਪ ਨਹੀਂ ਹੈ।

ਸਰਕਾਰ ਵੱਲੋਂ ਸੰਚਾਲਿਤ ਬੰਗਲਾਦੇਸ਼ ਇਨਲੈਂਡ ਵਾਟਰ ਟਰਾਂਸਪੋਰਟ ਕਾਰਪੋਰੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਕਰੀਬ 80 ਹਜ਼ਾਰ ਮਜ਼ਦੂਰਾਂ ਨੇ ਪਲਾਇਨ ਕੀਤਾ। ਇਕ ਹਫ਼ਤੇ ਵਿਚ 5 ਲੱਖ ਤੋਂ ਵੱਧ ਮਜ਼ਦੂਰ ਢਾਕਾ ਛੱਡ ਚੁੱਕੇ ਹਨ। ਉੱਧਰ ਤਾਲਾਬੰਦੀ ਲੱਗਣ ਤੋਂ ਪਹਿਲਾਂ ਲੋਕ ਨੇ ਮਹੀਨਿਆਂ ਤੱਕ ਦਾ ਰਾਸ਼ਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਤ ਇਹ ਹਨ ਕਿ ਕਈ ਸ਼ਹਿਰਾਂ ਵਿਚ ਸਟੋਰ ਤੱਕ ਖਾਲੀ ਹੋਣ ਲੱਗੇ ਹਨ। ਉੱਥੇ ਮਜ਼ਦੂਰਾਂ ਦਾ ਪਲਾਇਨ ਦੇਖ ਬੰਗਲਾਦੇਸ਼ ਨੇ ਭਾਰਤੀ ਸਰਹੱਦਾਂ ਵੀ 14 ਦਿਨ ਲਈ ਸੀਲ ਕਰ ਦਿੱਤੀਆਂ ਹਨ। ਸਰਕਾਰ ਦਾ ਮੰਨਣਾ ਹੈ ਕਿ ਰੁਜ਼ਗਾਰ ਦੀ ਭਾਲ ਵਿਚ ਮਜ਼ਦੂਰ ਭਾਰਤ ਜਾ ਸਕਦੇ ਹਨ ਜੋ ਨਵੀਂ ਮੁਸੀਬਤ ਬਣ ਸਕਦੇ ਹਨ।

ਬੰਗਲਾਦੇਸ਼ ਵਿਚ ਡੈਲਟਾ ਵੈਰੀਐਂਟ ਕਾਰਨ ਕੋਰੋਨਾ ਦੇ ਮਾਮਲੇ ਵਧੇ ਹਨ। ਸੋਮਵਾਰ ਨੂੰ ਰਿਕਾਰਡ 8364 ਕੇਸ ਮਿਲੇ ਜੋ 15 ਮਹੀਨੇ ਵਿਚ ਸਭ ਤੋਂ ਵੱਧ ਹਨ। ਬੰਗਲਾਦੇਸ਼ ਵਿਚ 8 ਮਾਰਚ, 2020 ਨੂੰ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਹੁਣ ਤੱਕ 8,96,770 ਕੇਸ ਸਾਹਮਣੇ ਆ ਚੁੱਕੇ ਹਨ। 14,276 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 807,673 ਲੋਕ ਠੀਕ ਵੀ ਹੋਏ ਹਨ।