ਚੀਨ ਦੇ ਵੁਹਾਨ ਦੇ ਲੈਬ ‘ਚ ਨਹੀਂ ਬਣਿਆ ਕੋਰੋਨਾ ‘WHO’ ਦੀ ਰਿਪੋਰਟ ਲੀਕ

by vikramsehajpal

ਜਨੇਵਾ,(ਦੇਵ ਇੰਦਰਜੀਤ) :ਡਬਲਯੂਐੱਚਓ ਦੀ ਜਾਂਚ ਰਿਪੋਰਟ ਲੀਕ ਹੋ ਗਈ ਹੈ। ਵਿਸਥਾਰਤ ਰਿਪੋਰਟ ਜਾਰੀ ਕੀਤੀ ਜਾ ਰਹੀ ਹੈ। ਰਿਪੋਰਟ 'ਚ ਵਿਗਿਆਨੀਆਂ ਨੇ ਦੱਸਿਆ ਹੈ ਕਿ ਵਾਇਰਸ ਦੇ ਲੈਬ 'ਚ ਬਣਨ ਦੇ ਸਬੂਤ ਨਹੀਂ ਮਿਲੇ। ਕੋਰੋਨਾ ਵਾਇਰਸ ਚਮਗਿੱਦੜ ਤੋਂ ਜਾਨਵਰਾਂ 'ਚ ਤੇ ਫਿਰ ਉਨ੍ਹਾਂ ਤੋਂ ਮਨੁੱਖਾਂ 'ਚ ਫੈਲਣ ਦਾ ਖ਼ਦਸ਼ਾ ਹੈ। ਜਿਹੜੀ ਰਿਪੋਰਟ ਲੀਕ ਹੋਈ ਹੈ, ਉਸ 'ਚ ਮੋਟੇ ਤੌਰ 'ਤੇ ਡਬਲਯੂਐੱਚਓ ਦੀ ਟੀਮ ਆਖ਼ਰੀ ਰੂਪ ਨਾਲ ਕਿਸੇ ਵੀ ਫ਼ੈਸਲੇ 'ਤੇ ਨਹੀਂ ਪੁੱਜੀ। ਰਿਪੋਰਟ 'ਚ ਸਾਰੇ ਸਵਾਲ ਜਵਾਬ ਤੋਂ ਰਹਿਤ ਹਨ। ਰਿਪੋਰਟ ਮੁਤਾਬਕ ਵੁਹਾਨ 'ਚ ਤਿੰਨ ਲੈਬਾਂ ਕੰਮ ਕਰ ਰਹੀਆਂ ਹਨ। ਸਾਰੀਆਂ ਲੈਬਾਂ ਆਧੁਨਿਕ ਹਨ ਤੇ ਉੱਚ ਪੱਧਰ ਦੇ ਸੁਰੱਖਿਆ ਮਾਪਦੰਡ ਹਨ।

ਲੈਬ ਦਾ ਕੋਈ ਵੀ ਸਟਾਫ ਕੋਰੋਨਾ ਪਾਜ਼ੇਟਿਵ ਵੀ ਨਹੀਂ ਹੋਇਆ ਸੀ। ਅਮਰੀਕਾ ਨੇ ਪਿਛਲੇ ਹਫ਼ਤੇ ਹੀ ਇਹ ਉਮੀਦ ਪ੍ਰਗਟਾਈ ਸੀ ਕਿ ਰਿਪੋਰਟ 'ਚ ਜਿਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਮਿਲੇ ਹਨ, ਉਨ੍ਹਾਂ 'ਚ ਅੱਗੇ ਜਾਂਚ ਕੀਤੀ ਜਾਣੀ ਚਾਹੀਦੀ ਹੈ ਤੇ ਇਸ ਲਈ ਜ਼ਰੂਰਤ ਪਵੇ ਤਾਂ ਜਾਂਚ ਟੀਮ ਨੂੰ ਮੁੜ ਚੀਨ ਜਾਣਾ ਚਾਹੀਦਾ ਹੈ।ਰਿਪੋਰਟ 'ਚ ਅਜੇ ਇਸ ਸਵਾਲ ਦਾ ਜਵਾਬ ਵੀ ਆਉਣਾ ਬਾਕੀ ਹੈ ਕਿ ਫਰੋਜ਼ਨ ਫੂਡ ਤੋਂ ਕੋਰੋਨਾ ਵਾਇਰਸ ਦੇ ਚੀਨ ਪਹੁੰਚਣ ਦੇ ਚੀਨੀ ਅਧਿਕਾਰੀਆਂ ਦੇ ਦਾਅਵੇ ਦੀ ਕੀ ਸੱਚਾਈ ਹੈ।