ਭਾਰਤ ‘ਚ ਕੋਰੋਨਾ ਦੇ ‘ਹਾਲਾਤ ਤਬਾਹਕੁੰਨ’ – WHO ਮੁਖੀ

by vikramsehajpal

ਜਨੇਵਾ (ਦੇਵ ਇੰਦਰਜੀਤ) : ਦੇਸ਼ ਵਿਚ ਹਾਹਾਕਾਰ ਮਚਾ ਰਹੀ ਕੋਰੋਨਾ ਇਨਫੈਕਸ਼ਨ ਦੀ ਦੂਸਰੀ ਲਹਿਰ ਦੌਰਾਨ ਵਿਸ਼ਵ ਸਿਹਤ ਸੰਗਠਨ (WHO) ਦੇ ਮੁਖੀ ਟੇਡ੍ਰੋਸ ਅਧਨੋਮ ਘੇਬ੍ਰੇਅਸਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਭਾਰਤ 'ਚ ਤੇਜ਼ੀ ਨਾਲ ਵਧਦੇ ਮਾਮਲਿਆਂ ਤੋਂ ਕਾਫੀ ਚਿੰਤਤ ਹਨ। ਜਨੇਵਾ 'ਚ ਵਰਚੁਅਲ ਬ੍ਰੀਫਿੰਗ ਦੌਰਾਨ ਉਨ੍ਹਾਂ ਕਿਹਾ, 'ਭਾਰਤ 'ਚ ਹਾਲਾਤ ਤਬਾਹਕੁੰਨ ਹਨ ਜੋ ਯਾਦ ਦਿਵਾਉਂਦੇ ਹਨ ਕਿ ਵਾਇਰਸ ਕੀ ਕਰ ਸਕਦਾ ਹੈ।'

ਘੇਬ੍ਰੇਅਸਸ ਨੇ ਕਿਹਾ, 'ਆਕਸੀਜਨ, ਬੈੱਡਾਂ ਤੇ ਰੇਮਡੇਸਿਵਰ ਵਰਗੀਆਂ ਪ੍ਰਮੁੱਖ ਐਮਰਜੈਂਸੀ ਦਵਾਈ ਦੀ ਜ਼ਬਰਦਸਤ ਘਾਟ ਦੌਰਾਨ ਇੰਝ ਜਾਪਦਾ ਹੈ ਕਿ ਦੇਸ਼ ਵਿਚ ਹਰ ਗੁਜ਼ਰਦੇ ਦਿਨ ਦੇ ਨਾਲ ਸਥਿਤੀ ਹੱਥੋਂ ਨਿਕਲਦੀ ਜਾ ਰਹੀ ਹੈ।' ਉਨ੍ਹਾਂ ਕਿਹਾ ਕਿ 25 ਤੋਂ 59 ਸਾਲ ਦੀ ਉਮਰ ਵਾਲੇ ਲੋਕਾਂ 'ਚ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਖ਼ਤਰੇ ਦੀ ਘੰਟੀ ਹੈ।

ਇਹ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਜ਼ਿਆਦਾ ਪ੍ਰਭਾਵੀ ਹੋਣ ਦਾ ਨਤੀਜਾ ਹੋ ਸਕਦਾ ਹੈ। ਦੁਨੀਆ ਭਰ ਵਿਚ ਟੀਕਾਕਰਨ 'ਚ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ। ਡਾਕਟਰ ਟੇਡ੍ਰੋਸ ਨੇ ਹਾਲਾਤ ਦੇ ਮੱਦੇਨਜ਼ਰ ਦੱਖਣੀ-ਪੂਰਬੀ ਏਸ਼ੀਆ 'ਚ ਸਾਰੇ ਸਿਹਤ ਸਬੰਧੀ ਉਪਰਾਲਿਆਂ ਨੂੰ ਪੂਰੀ ਤਰ੍ਹਾਂ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਹੈ ਜਿਸ ਨਾਲ ਇਨਫੈਕਸ਼ਨ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਘਟਾਇਆ ਜਾ ਸਕੇ।