ਕੋਰੋਨਾ ਦਾ ਕਹਿਰ ਜਾਰੀ ਹੁਣ ਦਿੱਲੀ ‘ਚ ਵੀਕਐਂਡ ਲੋਕਡਾਊਨ ਲਾਗੂ

by vikramsehajpal

ਦਿੱਲੀ(ਦੇਵ ਇੰਦਰਜੀਤ) : ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਕੈਂਡ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ। ਇਸ ਤਹਿਤ 55 ਘੰਟੇ ਦਾ ਵੀਕੈਂਡ ਕਰਫਿਊ ਸ਼ੁੱਕਰਵਾਰ ਰਾਤ 10 ਵਜੇ ਤੋਂ ਸ਼ੁਰੂ ਹੋਵੇਗਾ ਤੇ ਇਹ ਸੋਮਵਾਰ ਸਵੇਰੇ 5 ਵਜੇ ਖ਼ਤਮ ਹੋਵੇਗਾ। ਦੇਸ਼ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਦਿੱਲੀ ’ਚ ਵੀ ਕੋਰੋਨਾ ਦੇ ਕੇਸ ਵੱਧ ਰਹੇ ਹਨ, ਜਿਸ ਨੂੰ ਵੇਖਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਕਿ ਵੀਰਵਾਰ ਨੂੰ ‘ਵੀਕੈਂਡ ਕਰਫਿਊ’ ਲਾਉਣ ਦਾ ਐਲਾਨ ਕੀਤਾ ਹੈ।

ਵੀਕੈਂਡ ਕਰਫਿਊ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਜ਼ਰੂਰੀ ਸੇਵਾਵਾਂ ਨੂੰ ਖੁੱਲ੍ਹਿਆ ਰੱਖਿਆ ਜਾਵੇਗਾ। ਜਿਨ੍ਹਾਂ ਵਿਆਹਾਂ ਦੀਆਂ ਤਾਰੀਖਾਂ ਤੈਅ ਹਨ, ਉਨ੍ਹਾਂ ਨੂੰ ਕਰਫਿਊ ਪਾਸ ਦਿੱਤੇ ਜਾਣਗੇ। ਇਸ ਤੋਂ ਇਲਾਵਾ ਮਾਲਜ਼, ਜਿਮ, ਸਪਾ, ਬਾਜ਼ਾਰ ਬੰਦ ਰਹਿਣਗੀਆਂ। ਰੈਸਟੋਰੈਂਟਾਂ ’ਚ ਬੈਠ ਕੇ ਖਾਣਾ ਖਾਣ ਦੀ ਇਜਾਜ਼ਤ ਨਹੀਂ ਹੋਵੇਗੀ। ਸਿਰਫ ਰੈਸਟੋਰੈਂਟਾਂ ਤੋਂ ਹੋਮ ਡਿਲਿਵਰੀ ਕੀਤੀ ਜਾਵੇ। ਸਿਨੇਮਾ ਹਾਲ ਵੀ 30 ਫ਼ੀਸਦੀ ਦੇ ਹਿਸਾਬ ਨਾਲ ਚੱਲ ਸਕਣਗੇ।

ਕੇਜਰੀਵਾਲ ਨੇ ਅਪੀਲ ਕੀਤੀ ਹੈ ਕਿ ਲੋਕ ਵੀਕੈਂਡ ’ਚ ਘਰਾਂ ’ਚ ਹੀ ਰਹਿਣ ਦੀ ਕੋਸ਼ਿਸ਼ ਕਰਨ। ਉਨ੍ਹਾਂ ਕਿਹਾ ਕਿ 5 ਦਿਨ ਹੀ ਕੰਮ ਕਰੋ। ਪ੍ਰਾਈਵੇਟ ਦਫਤਰਾਂ ਦੇ ਕਾਮੇ ਘਰਾਂ ’ਚ ਬੈਠ ਕੇ ਹੀ ਕੰਮ ਕਰਨਗੇ। ਦੱਸ ਦੇਈਏ ਕਿ ਵੀਕੈਂਡ ਕਰਫਿਊ ਲਾਉਣ ਦਾ ਫ਼ੈਸਲਾ ਉਦੋਂ ਕੀਤਾ ਗਿਆ, ਜਦੋਂ ਦਿੱਲੀ ਵਿਚ ਪਿਛਲੇ ਦਿਨੀਂ 17,282 ਕੇਸ ਦਰਜ ਕੀਤੇ ਗਏ ਹਨ, ਜੋ ਕਿ ਹੁਣ ਤੱਕ ਦਾ ਰਿਕਾਰਡ ਹੈ।

ਦਿੱਲੀ ’ਚ ਕੋਰੋਨਾ ਕੇਸਾਂ ਦਾ ਅੰਕੜਾ 7,67,438 ਤੱਕ ਪਹੁੰਚ ਗਿਆ ਹੈ। ਹੁਣ ਤੱਕ 11, 540 ਲੋਕ ਕੋਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ 104 ਮੌਤਾਂ ਹੋਈਆਂ ਹਨ। ਦਿੱਲੀ ’ਚ ਸਰਗਰਮ ਕੇਸਾਂ ਦੀ ਗਿਣਤੀ 50,736 ਹੈ।