2 ਥਾਵਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, 3 ਦਿਨਾਂ ਦੀ ਰਿਮਾਂਡ ਤੇ ਮੁਲਜ਼ਮ

by vikramsehajpal

ਫ਼ਤਿਹਗੜ੍ਹ ਸਾਹਿਬ (NRI MEDIA) : 12 ਅਕਤੂਬਰ ਨੂੰ ਜ਼ਿਲ੍ਹੇ ਦੇ 2 ਪਿੰਡਾਂ ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁਲਜ਼ਮ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਕਾਬੂ ਕੀਤੇ ਮੁਲਜ਼ਮ ਨੂੰ ਪੁਲਿਸ ਨੇ 13 ਅਕਤਬੂਰ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਪੁਲਿਸ ਨੂੰ ਤਿੰਨ ਦਿਨਾਂ ਦਾ ਰਿਮਾਂਡ ਦਿੱਤਾ ਹੈ। ਫ਼ਤਿਹਗੜ੍ਹ ਸਾਹਿਬ ਦੀ ਬਾਰ ਐਸੋਸੀਏਸ਼ਨ ਵੱਲੋਂ ਮੁਜ਼ਲਮ ਦੀ ਪੇਸ਼ੀ ਦੌਰਾਨ ਹੰਗਾਮਾ ਕੀਤਾ ਗਿਆ। ਇਸ ਕਾਰਨ ਪੁਲਿਸ ਨੇ ਮੁਲਜ਼ਮ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਦੁਪਹਿਰ ਵੇਲੇ ਪੇਸ਼ ਕੀਤਾ।

ਸੀਨੀਅਰ ਕਪਤਾਨ ਪੁਲਿਸ ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਨੂੰ ਮੁਜ਼ਲਮ ਦਾ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪੁੁਲਿਸ ਤਿੰਨ ਦਿਨਾਂ ਬਾਅਦ ਮੁੜ ਮੁਲਜ਼ਮ ਦਾ ਰਿਮਾਂਡ ਮੰਗੇਗੀ। ਉਨ੍ਹਾਂ ਕਿਹਾ ਇਸ ਰਿਮਾਂਡ ਨਾਲ ਪੁਲਿਸ ਬਹੁਤੀ ਪੁੱਛ-ਗਿੱਛ ਨਹੀਂ ਕਰ ਸਕੇਗੀ। ਐੱਸਐੱਸਪੀ ਨੇ ਕਿਹਾ ਕਿ ਪੁਲਿਸ ਇਸ ਘਟਨਾ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।

https://youtu.be/qhc7leOOqG0

ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕਰਨਾ ਸੀ ਪਰ ਸਵੇਰ ਵੇਲੇ ਵਕੀਲਾਂ ਦੇ ਵਿਰੋਧ ਦੇ ਚਲਦੇ ਉਸ ਨੂੰ ਪੇਸ਼ ਨਾ ਕੀਤਾ ਜਾ ਸਕਿਆ। ਜਦੋਂ ਪੁਲਿਸ ਨੇ ਦੁਪਹਿਰ ਵੇਲੇ ਮੁਲਜ਼ਮ ਨੂੰ ਪੇਸ਼ ਕਰਨ ਲਈ ਲਿਆਈ ਤਾਂ ਇਸ ਦੌਰਾਨ ਵੀ ਵਕੀਲਾਂ ਨੇ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਵਕੀਲਾਂ ਦੀ ਪੁਲਿਸ ਨਾਲ ਧੱਕਾਮੁਕੀ ਵੀ ਹੋਈ ਪਰ ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਤਿੰਨ ਦਿਨਾਂ ਦਾ ਰਿਮਾਂਡ ਹਾਸਿਲ ਹਾਸਲ ਕਰ ਲਿਆ।

ਇਸ ਮਾਮਲੇ ਨੂੰ ਲੈ ਕੇ ਜ਼ਿਲ੍ਹੇ ਦੀ ਬਾਰ ਐਸੋਸੀਏਸ਼ਨ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਮਤਾ ਪਾਸ ਕੀਤਾ ਹੈ ਕਿ ਕੋਈ ਵੀ ਵਕੀਲ ਬੇਅਦਬੀ ਦੇ ਮੁਲਜ਼ਮ ਦਾ ਕੇਸ ਨਹੀਂ ਲੜੇਗਾ ਅਤੇ ਨਾ ਹੀ ਕਿਸੇ ਬਾਹਰਲੇ ਵਕੀਲ ਨੂੰ ਇਹ ਕੇਸ ਆਪਣੇ ਹੱਥ 'ਚ ਲੈਣ ਦਿੱਤਾ ਜਾਵੇਗਾ।ਜ਼ਿਕਰਯੋਗ ਹੈ ਕਿ 12 ਅਕਤੂਬਰ ਨੂੰ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਤਰਖਾਣ ਮਾਜਰਾ ਤੇ ਜੱਲ੍ਹਾ ਵਿੱਚ ਵਾਰੀ-ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕੀਤੀ ਗਈ ਸੀ। ਇਸ ਦੌਰਾਨ ਤਰਖਾਣ ਮਾਜਰਾ ਵਿਖੇ ਬੇਅਦਬੀ ਕਰਦੇ ਮੁਲਜ਼ਮ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ ਸੀ। ਮੁਲਜ਼ਮ ਦੀ ਪਛਾਣ 19 ਸਾਲਾ ਸਹਿਜਵੀਰ ਵਜੋਂ ਹੋਈ ਹੈ ਜੋ ਨਾਭਾ ਦਾ ਰਹਿਣ ਵਾਲਾ ਹੈ। ਇਸ ਘਟਨਾ ਤੋਂ ਬਾਅਦ ਸਮੁੱਚੀ ਸੰਗਤ ਵਿੱਚ ਰੋਸ ਦੀ ਲਹਿਰ ਹੈ।