ਕੋਵਿਡ-19 ਰੋਕੂ ਟੀਕੇ ਲਗਵਾਉਣ ਦਾ ਟੀਚਾ

by vikramsehajpal

ਅੰਮ੍ਰਿਤਸਰ,(ਦੇਵ ਇੰਦਰਜੀਤ) :ਚੰਗਾ ਹੁੰਦਾ ਕਿ ਇਹ ਐਲਾਨ ਥੋੜ੍ਹਾ ਹੋਰ ਪਹਿਲਾਂ ਕਰ ਦਿੱਤਾ ਜਾਂਦਾ, ਖ਼ਾਸ ਤੌਰ ’ਤੇ ਉਦੋਂ ਜਦ ਇਹ ਸਾਹਮਣੇ ਆਇਆ ਸੀ ਕਿ ਟੀਕਾਕਰਨ ਕੇਂਦਰਾਂ ਵਿਚ ਢੁੱਕਵੀਂ ਮਾਤਰਾ ਵਿਚ ਲੋਕਾਂ ਦੇ ਨਾ ਪੁੱਜ ਸਕਣ ਕਾਰਨ ਟੀਕੇ ਖ਼ਰਾਬ ਹੋਈ ਜਾ ਰਹੇ ਹਨ।ਆਖ਼ਰਕਾਰ ਕੇਂਦਰ ਸਰਕਾਰ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਇਕ ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕ ਕੋਵਿਡ-19 ਰੋਕੂ ਟੀਕਾ ਲਗਵਾ ਸਕਦੇ ਹਨ। ਕੁਝ ਸੂਬਿਆਂ ਵਿਚ ਤਾਂ ਟੀਕਾ ਖ਼ਰਾਬ ਹੋਣ ਦੀ ਦਰ 10 ਪ੍ਰਤੀਸ਼ਤ ਤੋਂ ਵੀ ਵੱਧ ਹੈ। ਇਸ ਨੂੰ ਦੇਖਦੇ ਹੋਏ ਬਿਹਤਰ ਤਾਂ ਇਹ ਹੁੰਦਾ ਕਿ 45 ਸਾਲ ਦੀ ਉਮਰ ਹੱਦ ਨੂੰ ਹੋਰ ਘੱਟ ਕੀਤਾ ਜਾਂਦਾ ਕਿਉਂਕਿ ਭਾਰਤ ਨੌਜਵਾਨ ਆਬਾਦੀ ਦੀ ਬਹੁਤਾਤ ਵਾਲਾ ਦੇਸ਼ ਹੈ। ਹਾਲਾਂਕਿ ਨੌਜਵਾਨ ਵਰਗ ਵਿਚ ਕੋਰੋਨਾ ਇਨਫੈਕਸ਼ਨ ਦੀ ਦਰ ਕਾਫ਼ੀ ਘੱਟ ਹੈ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ 45 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦਾ ਖ਼ਤਰਾ ਨਹੀਂ ਹੈ।

ਇਸ ਦੀ ਵੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਨੌਜਵਾਨ ਆਬਾਦੀ ਹੀ ਕੰਮ-ਧੰਦੇ ਦੇ ਸਿਲਸਿਲੇ ਵਿਚ ਘਰਾਂ ਤੋਂ ਜ਼ਿਆਦਾ ਬਾਹਰ ਨਿਕਲਦੀ ਹੈ। ਸਹੀ ਇਹ ਹੋਵੇਗਾ ਕਿ ਇਸ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣ ਕਿ ਕੀ ਸਾਰੇ ਉਮਰ ਵਰਗਾਂ ਦੇ ਲੋਕਾਂ ਨੂੰ ਟੀਕਾ ਲਗਵਾਉਣ ਦੀ ਸਹੂਲਤ ਦਿੱਤੀ ਜਾ ਸਕਦੀ ਹੈ? ਅਜਿਹਾ ਇਸ ਲਈ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਟੀਕਾਕਰਨ ਦੀ ਰਫ਼ਤਾਰ ਅਜੇ ਮੱਠੀ ਹੀ ਹੈ।

ਹੁਣ ਜਦ ਰੋਜ਼ਾਨਾ 30 ਲੱਖ ਤੋਂ ਵੱਧ ਟੀਕੇ ਲਗਾਉਣ ਦਾ ਟੀਚਾ ਹਾਸਲ ਕਰ ਲਿਆ ਗਿਆ ਹੈ, ਉਦੋਂ ਫਿਰ ਕੋਸ਼ਿਸ਼ ਇਸ ਦੀ ਹੋਣੀ ਚਾਹੀਦੀ ਹੈ ਕਿ ਜਲਦ ਹੀ ਇਹ ਟੀਚਾ 40 ਲੱਖ ਅਤੇ ਫਿਰ 50 ਲੱਖ ਦੇ ਅੰਕੜੇ ਨੂੰ ਪਾਰ ਕਰ ਲਵੇ ਕਿਉਂਕਿ ਭਾਰਤ ਇਕ ਵੱਡੀ ਆਬਾਦੀ ਵਾਲਾ ਮੁਲਕ ਹੈ ਅਤੇ ਸਾਰੇ ਲੋਕਾਂ ਦੇ ਟੀਕਾਕਰਨ ਵਿਚ ਲੰਬਾ ਵਕਤ ਲੱਗ ਸਕਦਾ ਹੈ। ਜੇਕਰ ਸਾਰੇ ਚਾਹਵਾਨ ਲੋਕਾਂ ਨੂੰ ਟੀਕਾ ਲਗਵਾਉਣ ਦੀ ਸਹੂਲੀਅਤ ਦਿੱਤੀ ਜਾ ਸਕੇ ਤਾਂ ਟੀਕਾਕਰਨ ਦੀ ਰਫ਼ਤਾਰ ਵਧਾਉਣ ਵਿਚ ਸਫਲਤਾ ਮਿਲ ਸਕਦੀ ਹੈ।

ਸਰਕਾਰ ਨੂੰ ਇਸ ’ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਅਜਿਹੀ ਸਹੂਲਤ ਕਿਉਂ ਨਹੀਂ ਦਿੱਤੀ ਜਾ ਸਕਦੀ? ਟੀਕਾਕਰਨ ਦੀ ਰਫ਼ਤਾਰ ਵਧਾਉਣ ਦੇ ਹਰ ਸੰਭਵ ਯਤਨ ਕੀਤਾ ਜਾਣੇ ਚਾਹੀਦੇ ਹਨ ਕਿਉਂਕਿ ਕੋਰੋਨਾ ਤੋਂ ਪੀੜਤ ਲੋਕਾਂ ਦੀ ਗਿਣਤੀ ਮੁੜ ਤੇਜ਼ੀ ਨਾਲ ਵਧਣ ਲੱਗੀ ਹੈ। ਇਸ ਕਾਰਨ ਕਿਤੇ-ਕਿਤੇ ਰਾਤ ਦਾ ਕਰਫਿਊ ਜਾਂ ਫਿਰ ਲਾਕਡਾਊਨ ਲਗਾਉਣ ਦੀ ਨੌਬਤ ਆ ਗਈ ਹੈ। ਕੁਝ ਸ਼ਹਿਰਾਂ ਵਿਚ ਤਾਂ ਸਕੂਲਾਂ ਨੂੰ ਖੋਲ੍ਹਣ ਦੇ ਫ਼ੈਸਲੇ ਵਾਪਸ ਲੈਣੇ ਪੈ ਰਹੇ ਹਨ।

ਇਹ ਚਿੰਤਾਜਨਕ ਹੈ ਕਿ ਇਸ ਦੇ ਬਾਵਜੂਦ ਲੋਕ ਜ਼ਰੂਰੀ ਸਾਵਧਾਨੀ ਨਹੀਂ ਵਰਤ ਰਹੇ। ਉਨ੍ਹਾਂ ਦਾ ਅਜਿਹਾ ਗ਼ੈਰ-ਸੰਜੀਦਾ ਵਤੀਰਾ ਇਸ ਬਿਮਾਰੀ ਨੂੰ ਤੇਜ਼ੀ ਨਾਲ ਪੈਰ ਪਸਾਰਨ ਵਿਚ ਮਦਦ ਦੇ ਰਿਹਾ ਹੈ। ਇਸ ਮਾਮਲੇ ਵਿਚ ਜਦ ਤਕ ਜਨਤਾ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਸਹਿਯੋਗ ਨਹੀਂ ਦਿੰਦੀ ਤੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਖ਼ੁਦ ਹੀ ਪਾਲਣਾ ਨਹੀਂ ਕਰਦੀ, ਉਦੋਂ ਤਕ ਕੋਰੋਨਾ ਦਾ ਕਾਰਗਰ ਤਰੀਕੇ ਨਾਲ ਟਾਕਰਾ ਕਰਨਾ ਅਸੰਭਵ ਹੈ।

ਚਿੰਤਾ ਵਧਾਉਣ ਦਾ ਕੰਮ ਕੋਰੋਨਾ ਵਾਇਰਸ ਦੇ ਉਹ ਬਦਲੇ ਹੋਏ ਰੂਪ ਵੀ ਕਰ ਰਹੇ ਹਨ ਜੋ ਬਰਤਾਨੀਆ, ਦੱਖਣੀ ਅਫ਼ਰੀਕਾ, ਬ੍ਰਾਜ਼ੀਲ ਆਦਿ ਵਿਚ ਪਨਪੇ ਅਤੇ ਜਿਨ੍ਹਾਂ ਤੋਂ ਪੀੜਤ ਮਰੀਜ਼ ਭਾਰਤ ਵਿਚ ਵੀ ਮਿਲਣ ਲੱਗੇ ਹਨ। ਇਨ੍ਹਾਂ ’ਚੋਂ ਕੁਝ ਦੇ ਇਨਫੈਕਸ਼ਨ ਦੀ ਰਫ਼ਤਾਰ ਕਿਤੇ ਤੇਜ਼ ਹੈ।