World Cup 2019 : ਪਹਿਲੀ ਜਿੱਤ ਲਈ ਉਤਰਨਗੇ ਦੱ. ਅਫਰੀਕਾ ਤੇ ਅਫਗਾਨਿਸਤਾਨ

by mediateam

ਖੇਡ ਡੈਸਕ — ਅੰਕ ਸੂਚੀ ਵਿਚ ਹੇਠਲੇ ਸਥਾਨ 'ਤੇ ਚੱਲ ਰਹੀ ਦੱਖਣੀ ਅਫਰੀਕਾ ਤੇ ਅਫਗਾਨਿਸਤਾਨ ਦੀਆਂ ਟੀਮਾਂ ਆਈ. ਸੀ.ਸੀ. ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਵਿਚ ਸ਼ਨੀਵਾਰ ਨੂੰ ਆਪਣੀ ਟੱਕਰ ਵਿਚ ਪਹਿਲੀ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਉਤਰਨਗੀਆਂ। ਦੱ. ਅਫਰੀਕਾ ਨੇ ਕੌਮਾਂਤਰੀ ਪੱਧਰ 'ਤੇ ਅਫਗਾਨਿਸਤਾਨ ਨਾਲ ਕੋਈ ਮੁਕਾਬਲਾ ਨਹੀਂ ਖੇਡਿਆ ਹੈ ਤੇ ਇਹ ਦੋਵੇਂ ਟੀਮਾਂ ਵਿਚਾਲੇ ਪਹਿਲੀ ਟੱਕਰ ਦੀ ਤਰ੍ਹਾਂ ਹੋਵੇਗੀ। ਇਹ ਦਿਲਚਸਪ ਹੈ ਕਿ ਦੋਵਾਂ ਵਿਚਾਲੇ ਪਹਿਲੀ ਟੱਕਰ ਦਾ ਮੌਕਾ ਵਿਸ਼ਵ ਕੱਪ ਵਿਚ ਆਇਆ ਹੈ, ਜਿੱਥੇ ਦੱਖਣੀ ਅਫਰੀਕਾ ਦਾਅਵੇਦਾਰ ਹੈ ਪਰ ਅਫਗਾਨਿਸਤਾਨ ਕੋਲ ਵੀ ਇਤਿਹਾਸ ਬਣਾਉਣ ਦਾ ਮੌਕਾ ਹੈ। 

ਇੰਗਲੈਂਡ ਵਿਚ ਇਸ ਸਮੇਂ ਜਿਵੇਂ ਮੌਸਮ ਦੀ ਮਾਰ ਚੱਲ ਰਹੀ ਹੈ ਤੇ ਹੁਣ ਤਕ 4 ਮੈਚ ਰੱਦ ਹੋ ਚੁੱਕੇ ਹਨ, ਅਜਿਹੇ ਵਿਚ ਇੱਥੋਂ ਹਰ ਮੁਕਾਬਲਾ ਹਰ ਟੀਮ ਲਈ ਮਹੱਤਵਪੂਰਨ ਹੁੰਦਾ ਜਾਵੇਗਾ। ਦੱਖਣੀ ਅਫਰੀਕਾ ਵਰਗੀ ਮਜ਼ਬੂਤ ਟੀਮ ਚਾਰ ਮੈਚਾਂ ਵਿਚੋਂ 3 ਮੈਚ ਹਾਰ ਕੇ ਇਕ ਅੰਕ ਨਾਲ 9ਵੇਂ ਸਥਾਨ 'ਤੇ ਹੈ ਜਦਕਿ ਅਫਗਾਨਿਸਤਾਨ ਆਪਣੇ ਤਿੰਨੇ ਮੈਚ ਹਾਰ ਕੇ ਖਤਾ ਨਹੀਂ ਖੋਲ੍ਹ ਸਕੀ ਹੈ। ਦੱ. ਅਫਰੀਕਾ ਦਾ ਆਪਣੇ ਉੱਪਰ ਦੀਆਂ 5 ਟੀਮਾਂ ਤੋਂ ਅੰਕਾਂ ਦਾ ਜ਼ਿਆਦਾ ਫਰਕ ਨਹੀਂ ਹੈ ਤੇ ਇਕ-ਅੱਧੀ ਜਿੱਤ ਉਸਦੀ ਮੁਹਿੰਮ ਨੂੰ ਪਟੜੀ 'ਤੇ ਵਾਪਸੀ ਦਿਵਾ ਸਕਦੀ ਹੈ। ਹਾਲਾਂਕਿ ਦੱਖਣੀ ਅਫਰੀਕਾ ਨੂੰ ਸੈਮੀਫਾਈਨਲ ਦੀਆਂ ਉਮੀਦਾਂ ਲਈ ਆਪਣੇ ਅਗਲੇ ਸਾਰੇ ਪੰਜ ਮੈਚ ਜਿੱਤਣੇ ਹਨ ਤੇ ਇਹ ਵੀ ਉਮੀਦ ਕਰਨੀ ਹੈ ਕਿ ਮੀਂਹ ਕਾਰਨ ਉਸਦਾ ਕੋਈ ਮੈਚ ਨਾ ਰੱਦ ਹੋਵੇ। 

ਅਫਗਾਨਿਸਤਾਨ ਦੀ ਵੀ ਸਥਿਤੀ ਦੱਖਣੀ ਅਫਰੀਕਾ ਵਰਗੀ ਹੀ ਹੈ। ਉਸ ਨੇ ਤਿੰਨੇ ਮੈਚ ਗੁਆ ਦਿੱਤੇ ਹਨ ਤੇ ਉਸ ਨੂੰ ਆਪਣੀਆਂ ਉਮੀਦਾਂ ਲਈ ਅਗਲੇ 6 ਮੈਚ ਜਿੱਤਣੇ ਹਨ ਜਿਹੜਾ ਕਿ ਬਹੁਤ ਮੁਸ਼ਕਿਲ ਕੰਮ ਹੈ ਪਰ ਅਫਗਾਨਿਸਤਾਨ ਦੂਜੀਆਂ ਟੀਮਾਂ ਦੇ ਸਮੀਕਰਨ ਵਿਗਾੜ ਸਕਦੀ ਹੈ। ਅਫਗਾਨਿਸਤਾਨ ਨੇ ਕਾਫੀ ਉਮੀਦਾਂ ਜਗਾਈਆਂ ਸਨ ਪਰ ਤਜਰਬੇ ਦੀ ਕਮੀ ਕਾਰਣ ਉਸਦਾ ਪ੍ਰਦਰਸ਼ਨ ਪ੍ਰਭਾਵਿਤ ਹੋਇਆ ਹੈ। ਅਫਗਾਨਿਸਤਾਨ ਨੂੰ ਖਾਸ ਤੌਰ 'ਤੇ ਆਪਣੀ ਬੱਲੇਬਾਜ਼ੀ ਵਿਚ ਸੁਧਾਰ ਕਰਨ ਦੀ ਲੋੜ ਹੈ। ਦੱਖਣੀ ਅਫਰੀਕਾ ਦੀ ਸ਼ੁਰੂਆਤ ਇਸ ਟੂਰਨਾਮੈਂਟ ਵਿਚ ਚੰਗੀ ਨਹੀਂ ਰਹੀ ਤੇ ਉਸ ਨੂੰ ਆਪਣੇ ਪਹਿਲੇ ਮੁਕਾਬਲੇ ਵਿਚ ਮੇਜ਼ਬਾਨ ਇੰਗਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦਕਿ ਦੂਜੇ ਮੁਕਾਬਲੇ ਵਿਚ ਬੰਗਲਾਦੇਸ਼ ਨੇ ਵੀ ਵੱਡਾ ਉਲਟਫੇਰ ਕਰਦੇ ਹੋਏ ਉਸ ਨੂੰ ਹਰਾਇਆ ਸੀ। ਵਿਸ਼ਵ ਕੱਪ ਵਿਚ ਉਸਦਾ ਤੀਜਾ ਮੁਕਾਬਲਾ ਭਾਰਤ ਨਾਲ ਸੀ, ਜਿੱਥੇ ਵੀ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ।


ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।