Crude Oil Price : 90 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਸਕਦੀਆਂ ਹਨ ਕੱਚੇ ਤੇਲ ਦੀਆਂ ਕੀਮਤਾਂ

by jaskamal

ਨਿਊਜ਼ ਡੈਸਕ : ਚੀਨ ਦੇ ਸਨਅਤੀ ਉਤਪਾਦਨ 'ਚ ਲਗਾਤਾਰ ਦੂਜੇ ਮਹੀਨੇ ਗਿਰਾਵਟ ਦਾ ਅਸਰ ਕੱਚੇ ਤੇਲ ਦੀਆਂ ਕੀਮਤਾਂ 'ਤੇ ਦਿਖਣ ਲੱਗਾ ਹੈ। ਚੀਨ ਕੱਚੇ ਤੇਲ ਦਾ ਸਭ ਤੋਂ ਵੱਡਾ ਦਰਾਮਦਕਾਰ ਦੇਸ਼ ਦੇਸ਼ ਹੈ ਤੇ ਚੀਨ 'ਚ ਸਨਅਤੀ ਸਰਗਰਮੀਆਂ 'ਚ ਸੁਸਤੀ ਆਉਣ ਨਾਲ ਕੱਚੇ ਤੇਲ ਦੀ ਮੰਗ ਪ੍ਰਭਾਵਿਤ ਹੋਣ ਦੀ ਪੂਰੀ ਸੰਭਾਵਨਾ ਹੈ। ਇਹੀ ਕਾਰਨ ਹੈ ਕਿ ਵਿਸ਼ਵ ਪੱਧਰ 'ਤੇ ਬ੍ਰੈਂਟ ਕ੍ਰਡ ਦੀਆਂ ਕੀਮਤਾਂ 'ਚ ਤਿੰਨ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਤੇ ਕੱਚੇ ਤੇਲ ਦੀ ਕੀਮਤ 103.9 ਡਾਲਰ ਪ੍ਰਤੀ ਬੈਰਲ ਰਹੀ। ਮੰਗਲਵਾਰ ਨੂੰ ਇਸਦੀ ਕੀਮਤ ਹੋਰ ਘੱਟ ਹੋਣ ਦੀ ਉਮੀਦ ਹੈ। ਐੱਸਬੀਆਈ ਇਕੋਰੈਪ ਨੇ ਤਾਂ ਅਗਲੇ ਇਕ-ਦੋ ਮਹੀਨਿਆਂ 'ਚ ਕੱਚੇ ਤੇਲ ਦੀ ਕੀਮਤ 90 ਡਾਲਰ ਪ੍ਰਤੀ ਬੈਰਲ ਦੇ ਹੇਠਾਂ ਜਾਣ ਦੀ ਸੰਭਾਵਨਾ ਪ੍ਰਗਟਾਈ ਹੈ।

ਸੋਮਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਦੇ ਮੁਤਾਬਕ, ਚੀਨ 'ਚ ਕੱਚੇ ਤੇਲ ਦੀ ਮੰਗ ਲਗਾਤਾਰ ਘੱਟ ਰਹੀ ਹੈ ਤੇ ਇਸ ਸਾਲ ਅਪ੍ਰੈਲ 'ਚ ਚੀਨ 'ਚ ਪੈਟਰੋਲ, ਡੀਜ਼ਲ ਤੇ ਹਵਾਈ ਫਿਊਲ ਦੀ ਮੰਗ 'ਚ ਪਿਛਲੇ ਸਾਲ ਅਪ੍ਰੈਲ ਦੇ ਮੁਕਾਬਲੇ 20 ਫ਼ੀਸਦੀ ਤਕ ਦੀ ਕਮੀ ਹੋ ਸਕਦੀ ਹੈ। ਇਸ ਹਿਸਾਬ ਨਾਲ ਚੀਨ 'ਚ ਕੱਚੇ ਤੇਲ ਦੀ ਖਪਤ 'ਚ ਹਰ ਰੋਜ਼ 12 ਲੱਖ ਬੈਰਲ ਦੀ ਕਮੀ ਦਾ ਅਨੁਮਾਨ ਹੈ। ਰਿਪੋਰਟ ਮੁਤਾਬਕ, ਸਾਲ 2021 'ਚ ਚੀਨ 'ਚ ਕੱਚੇ ਤੇਲ ਦੀ ਔਸਤ ਮੰਗ ਦੇ ਮੁਕਾਬਲੇ ਹਾਲੇ ਨੌ ਫ਼ੀਸਦੀ ਤਕ ਦੀ ਕਮੀ ਆ ਚੁੱਕੀ ਹੈ। ਰੂਸ-ਯੂਕਰੇਨ ਜੰਗ ਦੇ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਤਕ ਕੱਚੇ ਤੇਲ ਦੀ ਵਿਸ਼ਵ ਕੀਮਤ 90 ਡਾਲਰ ਪ੍ਰਤੀ ਬੈਰਲ ਦੇ ਆਸਪਾਸ ਸੀ ਜਿਹੜੀ ਜੰਗ ਦੇ ਬਾਅਦ 130 ਡਾਲਰ ਪ੍ਰਤੀ ਬੈਰਲ ਦੇ ਕੋਲ ਪਹੁੰਚ ਗਈ ਸੀ।