ਚੰਡੀਗੜ੍ਹ ‘ਚ ਕਰਫਿਊ ਤੋਂ ਰਾਹਤ ਹੁਣ 6 ਵਜੇ ਤਕ ਖੁੱਲ੍ਹਣਗੀਆਂ ਦੁਕਾਨਾਂ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਸ਼ਹਿਰ ਦੇ ਸਭ ਤੋਂ ਪ੍ਰਸਿੱਧ ਸੈਰ-ਸਪਾਟੇ ਵਾਲੀ ਥਾਂ ਸੁਖਨਾ ਝੀਲ ਨੂੰ ਹੁਣ ਹਫ਼ਤੇ ਵਿਚ 6 ਦਿਨ ਸੈਲਾਨੀਆਂ ਲਈ ਕੋਵਿਡ ਪ੍ਰੋਟੋਕਾਲ ਨਾਲ ਖੁੱਲ੍ਹਾ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਨਿਯਮ ਤੋੜਨ ਵਾਲਿਆਂ ਦੇ ਪੁਲਸ ਵੱਲੋਂ ਚਲਾਨ ਵੀ ਕੀਤੇ ਜਾਣਗੇ। ਝੀਲ ਵਿਚ ਅਜੇ ਬੋਟਿੰਗ ਨਹੀਂ ਹੋ ਸਕੇਗੀ। ਹਾਲਾਂਕਿ ਐਤਵਾਰ ਝੀਲ ਵਿਚ ਐਂਟਰੀ ਨਹੀਂ ਹੋ ਸਕੇਗੀ। ਦੁਕਾਨਦਾਰਾਂ ਨੂੰ ਰਾਹਤ ਦਿੰਦਿਆਂ ਪ੍ਰਸ਼ਾਸਨ ਨੇ ਹਫ਼ਤੇ ਦੇ 6 ਦਿਨ ਸਵੇਰੇ 10 ਤੋਂ ਸ਼ਾਮ 6 ਵਜੇ ਤਕ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਦੁਕਾਨਦਾਰਾਂ ਨੂੰ ਕੋਵਿਡ ਪ੍ਰੋਟੋਕਾਲ ਦਾ ਵੀ ਪੂਰਾ ਧਿਆਨ ਰੱਖਣਾ ਪਵੇਗਾ। ਦੁਕਾਨ ਵਿਚ ਬਿਨਾਂ ਮਾਸਕ ਦੇ ਕਿਸੇ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਨਿਯਮ ਟੁੱਟਣ ’ਤੇ ਦੁਕਾਨਦਾਰ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ। ਸ਼ਹਿਰ ਦੇ ਸਾਰੇ ਰੈਸਟੋਰੈਂਟ/ਬਾਰ 50 ਫ਼ੀਸਦੀ ਸਮਰੱਥਾ ਨਾਲ ਸਵੇਰੇ 10 ਤੋਂ ਰਾਤ 9 ਵਜੇ ਤਕ ਖੁੱਲ੍ਹੇ ਰਹਿਣਗੇ। ਇਹ ਹੁਕਮ ਬੁੱਧਵਾਰ ਸਵੇਰੇ 6 ਵਜੇ ਤੋਂ ਲਾਗੂ ਹੋਣਗੇ।

ਸ਼ਹਿਰ ਵਿਚ ਕੋਰੋਨਾ ਵਾਇਰਸ ਦੀ ਰਫ਼ਤਾਰ ਹੌਲੀ ਹੋਣ ਤੋਂ ਬਾਅਦ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕੁੱਝ ਪਾਬੰਦੀਆਂ ਹਟਾ ਲਈਆਂ ਹਨ। ਮੰਗਲਵਾਰ ਵਾਰ ਰੂਮ ਮੀਟਿੰਗ ਦੌਰਾਨ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਕਈ ਅਹਿਮ ਫ਼ੈਸਲੇ ਲਏ। ਸ਼ਹਿਰ ਵਿਚ ਫਿਲਹਾਲ ਨਾਈਟ ਕਰਫ਼ਿਊ ਜਾਰੀ ਰਹੇਗਾ ਪਰ ਹੁਣ ਇਸ ਦਾ ਸਮਾਂ ਰਾਤ 10 ਤੋਂ ਸਵੇਰੇ 5 ਵਜੇ ਤੱਕ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਐਤਵਾਰ ਲਾਕਡਾਊਨ ਜਾਰੀ ਰਹੇਗਾ ਅਤੇ ਵਾਹਨਾਂ ਦੀ ਬੇਵਜ੍ਹਾ ਆਵਾਜਾਈ ’ਤੇ ਰੋਕ ਰਹੇਗੀ। ਬਾਰਬਰ ਸ਼ਾਪ ਦੇ ਨਾਲ ਹੀ ਹੋਰ ਜ਼ਰੂਰੀ ਸਮਾਨ ਉਪਲੱਬਧ ਕਰਵਾਉਣ ਵਾਲੀਆਂ ਦੁਕਾਨਾਂ ਵੀ ਖੁੱਲ੍ਹੀਆਂ ਰਹਿਣਗੀਆਂ।

ਲੋਕਾਂ ਨੂੰ ਫਿਲਹਾਲ ਰਾਕ ਗਾਰਡਨ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਮੀਟਿੰਗ ਦੌਰਾਨ ਅਜੇ ਰਾਕ ਗਾਰਡਨ ਨੂੰ ਬੰਦ ਰੱਖਣ ਦਾ ਹੀ ਫ਼ੈਸਲਾ ਲਿਆ ਹੈ। ਮਿਊਜ਼ੀਅਮ ਅਤੇ ਲਾਇਬ੍ਰੇਰੀ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਵਿਆਹ ਸਮਾਰੋਹ ਅਤੇ ਸਸਕਾਰ ਵਿਚ ਵੱਧ ਤੋਂ ਵੱਧ 30 ਲੋਕਾਂ ਨੂੰ ਹੀ ਬੁਲਾਇਆ ਜਾ ਸਕੇਗਾ। ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ ਲਈ ਵੀ ਪ੍ਰਸ਼ਾਸਨ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਹੁਣ ਕਰਮਚਾਰੀਆਂ ਦੀ ਗਿਣਤੀ ਸਬੰਧੀ ਕੋਈ ਪਾਬੰਦੀ ਨਹੀਂ ਰਹੇਗੀ।