ਪੱਤਰ ਪ੍ਰੇਰਕ : 1993 ਦੇ ਮੁੰਬਈ ਬੰਬ ਧਮਾਕਿਆਂ ਦੇ ਮਾਸਟਰਮਾਈਂਡ ਦਾਊਦ ਇਬਰਾਹਿਮ ਨੂੰ ਜ਼ਹਿਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਕਾਰਨ ਉਸ ਨੂੰ ਕਰਾਚੀ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸੋਸ਼ਲ ਮੀਡੀਆ 'ਤੇ ਉਸ ਨੂੰ ਜ਼ਹਿਰ ਦਿੱਤੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਉਹ 2 ਦਿਨਾਂ ਤੋਂ ਹਸਪਤਾਲ 'ਚ ਦਾਖਲ ਹੈ। ਉਸ ਨੂੰ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਹੈ ਜਿੱਥੇ ਸਿਰਫ਼ ਉਸ ਦੇ ਪਰਿਵਾਰਕ ਮੈਂਬਰ ਹੀ ਜਾ ਸਕਦੇ ਹਨ।
ਇੰਨਾ ਹੀ ਨਹੀਂ ਦਾਊਦ ਦੀ ਖਬਰ ਤੋਂ ਬਾਅਦ ਪੂਰੇ ਪਾਕਿਸਤਾਨ 'ਚ ਇੰਟਰਨੈੱਟ ਬੰਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸੋਸ਼ਲ ਮੀਡੀਆ 'ਤੇ ਕਈ ਲੋਕ ਦਾਅਵਾ ਕਰ ਰਹੇ ਹਨ ਕਿ ਦਾਊਦ ਦੀਆਂ ਖ਼ਬਰਾਂ ਨੂੰ ਛੁਪਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਹਾਲਾਂਕਿ, ਸਰਕਾਰ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਕਦਮ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਵਰਚੁਅਲ ਰੈਲੀ ਦੇ ਕਾਰਨ ਚੁੱਕਿਆ ਗਿਆ ਹੈ, ਤਾਂ ਜੋ ਕੋਈ ਹਿੰਸਕ ਘਟਨਾ ਨਾ ਵਾਪਰੇ। ਹਾਲਾਂਕਿ ਇੰਟਰਨੈੱਟ ਬੰਦ ਹੋਣ ਦੀ ਖ਼ਬਰ 'ਤੇ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ (ਪੀਟੀਏ) ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਐਨਆਈਏ ਮੁਤਾਬਕ ਦਾਊਦ ਅਤੇ ਉਸ ਦੇ ਕਰੀਬੀ ਕਰਾਚੀ ਏਅਰਪੋਰਟ ਨੂੰ ਕੰਟਰੋਲ ਕਰਦੇ ਹਨ। ਮਸ਼ਹੂਰ ਪਾਕਿਸਤਾਨੀ ਪੱਤਰਕਾਰ ਆਰਜ਼ੂ ਕਾਜ਼ਮੀ ਨੇ ਕਿਹਾ ਕਿ ਇੰਟਰਨੈੱਟ ਦੇ ਅਚਾਨਕ ਬੰਦ ਹੋਣ ਦਾ ਮਤਲਬ ਹੈ ਕਿ ਪਾਕਿਸਤਾਨ 'ਚ ਕੁਝ ਲੁਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸਨਸਨੀਖੇਜ਼ ਖ਼ਬਰ ਪਾਕਿਸਤਾਨੀ ਸੋਸ਼ਲ ਮੀਡੀਆ 'ਤੇ ਵੱਡੇ ਪੱਧਰ 'ਤੇ ਸਾਂਝੀ ਕੀਤੀ ਜਾ ਰਹੀ ਹੈ। ਦਾਊਦ ਇਬਰਾਹਿਮ ਪਾਕਿਸਤਾਨੀ ਕ੍ਰਿਕਟਰ ਜਾਵੇਦ ਮਿਆਂਦਾਦ ਦੇ ਬੇਟੇ ਦਾ ਸਹੁਰਾ ਹੈ। ਉਨ੍ਹਾਂ ਕਿਹਾ ਕਿ ਪੂਰੇ ਪਾਕਿਸਤਾਨ ਵਿੱਚ ਟਵਿਟਰ, ਗੂਗਲ, ਯੂਟਿਊਬ ਬੰਦ ਹਨ।



